ਆਮ ਆਦਮੀ ਪਾਰਟੀ

ਪੰਜਾਬ ਭਰ ‘ਚ ਆਮ ਆਦਮੀ ਪਾਰਟੀ ਵੱਲੋਂ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਖ਼ਿਲਾਫ ਵਿਰੋਧ ਪ੍ਰਦਰਸ਼ਨ

ਚੰਡੀਗੜ੍ਹ, 13 ਫਰਵਰੀ 2026: ਅੱਜ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਖ਼ਿਲਾਫ ਕੀਤੀਆਂ ਜਾਤੀਵਾਦੀ ਟਿੱਪਣੀਆਂ ਖ਼ਿਲਾਫ਼ ਪੰਜਾਬ ਭਰ ‘ਚ ਪ੍ਰਦਰਸ਼ਨ ਕੀਤੇ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਮੰਤਰੀ ਦਾ ਹੀ ਨਹੀਂ, ਸਗੋਂ ਸਮੁੱਚੇ ਦਲਿਤ ਭਾਈਚਾਰੇ ਅਤੇ ਆਪਣੀ ਰੋਜ਼ੀ-ਰੋਟੀ ਇੱਜ਼ਤ ਨਾਲ ਕਮਾਉਣ ਵਾਲੇ ਮਿਹਨਤੀ ਲੋਕਾਂ ਅਤੇ ਮਜ਼ਦੂਰਾਂ ਦਾ ਅਪਮਾਨ ਹੈ।

ਇਸ ਵਿਰੋਧ ਪ੍ਰਦਰਸ਼ਨ ‘ਚ ‘ਆਪ’ ਆਗੂਆਂ, ਮੰਤਰੀਆਂ, ਵਿਧਾਇਕਾਂ, ਪਾਰਟੀ ਵਰਕਰਾਂ ਅਤੇ ਸਥਾਨਕ ਨਿਵਾਸੀਆਂ ਨੇ ਵੱਡੀ ਗਿਣਤੀ ‘ਚ ਸ਼ਾਮਲ ਹੋਏ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ “ਦਲਿਤ-ਵਿਰੋਧੀ ਕਾਂਗਰਸ ਮੁਰਦਾਬਾਦ” ਅਤੇ “ਬਾਜਵਾ ਮੁਰਦਾਬਾਦ” ਦੇ ਨਾਅਰੇ ਲਗਾਏ ਅਤੇ ਮੰਗ ਕੀਤੀ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਲੀਡਰਸ਼ਿਪ ਦਲਿਤ ਭਾਈਚਾਰੇ ਅਤੇ ਸਾਰੇ ਮਿਹਨਤਕਸ਼ ਲੋਕਾਂ ਤੋਂ ਜਨਤਕ ਤੌਰ ‘ਤੇ ਮੁਆਫ਼ੀ ਮੰਗਣ।

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਦਲਿਤ ਵਿਰੋਧੀ ਮਾਨਸਿਕਤਾ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਸਾਹਮਣੇ ਆਈ ਹੈ। ਬਲਤੇਜ ਪੰਨੂ ਨੇ ਚਿਤਾਵਨੀ ਦਿੱਤੀ ਕਿ ਉਹ ਸੂਬੇ ‘ਚ ਕਿਸੇ ਨੂੰ ਵੀ ਦਲਿਤਾਂ ਨੂੰ ਨੀਵਾਂ ਦਿਖਾਉਣ ਜਾਂ ਕਾਮਾ ਸ਼੍ਰੇਣੀ ਦੇ ਲੋਕਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਦੀ ਇਜਾਜ਼ਤ ਨਹੀਂ ਦੇਵੇਗੀ।

ਬਲਤੇਜ ਪੰਨੂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਭਾਸ਼ਾ ਕਾਂਗਰਸ ਪਾਰਟੀ ਦੀ ਦਲਿਤਾਂ ਪ੍ਰਤੀ ਡੂੰਘੀ ਨਫ਼ਰਤ ਨੂੰ ਸਾਫ਼ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ‘ਆਪ’ ਸ਼ਾਸਨ, ਸਿੱਖਿਆ, ਸਿਹਤ, ਰੁਜ਼ਗਾਰ ਅਤੇ ਲੋਕ ਭਲਾਈ ‘ਚ ਵਿਸ਼ਵਾਸ ਰੱਖਦੀ ਹੈ, ਉੱਥੇ ਬਾਜਵਾ ਵਰਗੇ ਕਾਂਗਰਸੀ ਆਗੂ ਅਜੇ ਵੀ ਉਸੇ ਜਾਗੀਰਦਾਰੂ ਅਤੇ ਜਾਤੀਵਾਦੀ ਮਾਨਸਿਕਤਾ ‘ਚ ਫਸੇ ਹੋਏ ਹਨ ਜਿਸ ਨੂੰ ਪੰਜਾਬ ਵਾਰ-ਵਾਰ ਨਕਾਰ ਚੁੱਕਾ ਹੈ।

ਬਲਤੇਜ ਪੰਨੂ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਟਿੱਪਣੀ ਪੰਜਾਬ ਦੇ ਉਨ੍ਹਾਂ ਮਿਹਨਤਕਸ਼ ਲੋਕਾਂ ਦਾ ਵੀ ਸਿੱਧਾ ਅਪਮਾਨ ਹੈ, ਖ਼ਾਸ ਕਰਕੇ ਬੈਂਡ-ਬਾਜਾ ਵਜਾਉਣ ਵਾਲੇ ਕਲਾਕਾਰਾਂ, ਦਿਹਾੜੀਦਾਰ ਮਜ਼ਦੂਰਾਂ ਅਤੇ ਹੋਰ ਕਲਾਕਾਰਾਂ ਦਾ, ਜੋ ਵਿਆਹਾਂ, ਧਾਰਮਿਕ ਸਮਾਗਮਾਂ ਅਤੇ ਸਮਾਜਿਕ ਪ੍ਰੋਗਰਾਮਾਂ ਦੌਰਾਨ ਅਣਥੱਕ ਮਿਹਨਤ ਕਰਦੇ ਹਨ।

ਬਲਤੇਜ ਪੰਨੂ ਨੇ ਕਾਂਗਰਸ ਹਾਈਕਮਾਂਡ ਨੂੰ ਚੁਣੌਤੀ ਦਿੱਤੀ ਕਿ ਉਹ ਸਪੱਸ਼ਟ ਕਰਨ ਕਿ ਕੀ ਪ੍ਰਤਾਪ ਸਿੰਘ ਬਾਜਵਾ ਦੀ ਜਾਤੀਵਾਦੀ ਭਾਸ਼ਾ ਪਾਰਟੀ ਦੀ ਅਧਿਕਾਰਤ ਸੋਚ ਹੈ? ਕੀ ਕਾਂਗਰਸ ਬਾਜਵਾ ਦੀਆਂ ਅਪਮਾਨਜਨਕ ਟਿੱਪਣੀਆਂ ਦੇ ਨਾਲ ਖੜ੍ਹੀ ਹੈ, ਕੀ ਕਾਂਗਰਸ ਪ੍ਰਧਾਨ ਅਤੇ ਸੀਨੀਅਰ ਆਗੂ ਜਨਤਕ ਤੌਰ ‘ਤੇ ਉਨ੍ਹਾਂ ਦੀ ਨਿੰਦਾ ਕਰਨਗੇ, ਜਾਂ ਉਹ ਫਿਰ ਤੋਂ ਚੁੱਪ ਰਹਿਣਗੇ—ਜਿਵੇਂ ਕਿ ਉਹ ਹਮੇਸ਼ਾ ਦਲਿਤਾਂ ‘ਤੇ ਹਮਲੇ ਜਾਂ ਅਪਮਾਨ ਵੇਲੇ ਕਰਦੇ ਆਏ ਹਨ? ਬਲਤੇਜ ਪੰਨੂ ਨੇ ਕਿਹਾ ਕਿ ਕਾਂਗਰਸ ਦੀ ਚੁੱਪ ਹੀ ਸਾਬਤ ਕਰਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਨਿੱਜੀ ਗਲਤੀ ਨਹੀਂ ਸੀ, ਸਗੋਂ ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਅਤੇ ਮਾਨਸਿਕਤਾ ਹੈ।

ਪੂਰੇ ਪੰਜਾਬ ‘ਚ ਪ੍ਰਦਰਸ਼ਨ ਕੀਤੇ ਅਤੇ ਇਸ ਦੌਰਾਨ ਮਲੇਰਕੋਟਲਾ ਅਤੇ ਰੋਪੜ ‘ਚ ਹੋਏ ਵੱਡੇ ਮੁਜ਼ਾਹਰੇ ਸ਼ਾਮਲ ਹਨ। ਇੱਥੇ ਵੱਡੀ ਗਿਣਤੀ ‘ਚ ਸਥਾਨਕ ਨਿਵਾਸੀਆਂ ਅਤੇ ਬੈਂਡ-ਬਾਜਾ ਕਲਾਕਾਰਾਂ ਨੇ ‘ਆਪ’ ਆਗੂਆਂ ਅਤੇ ਵਰਕਰਾਂ ਨਾਲ ਮਿਲ ਕੇ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪਾਰਟੀ ਦੀ ਦਲਿਤ ਵਿਰੋਧੀ ਸੋਚ ਦੀ ਸਖ਼ਤ ਨਿੰਦਾ ਕੀਤੀ।

ਆਮ ਆਦਮੀ ਪਾਰਟੀ ਨੇ ਸੰਗਰੂਰ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਹੁਸ਼ਿਆਰਪੁਰ, ਕਪੂਰਥਲਾ, ਐਸ.ਬੀ.ਐਸ. ਨਗਰ, ਅੰਮ੍ਰਿਤਸਰ, ਪਠਾਨਕੋਟ, ਤਰਨਤਾਰਨ, ਫਰੀਦਕੋਟ, ਫਤਹਿਗੜ੍ਹ ਸਾਹਿਬ, ਲੁਧਿਆਣਾ, ਮੋਗਾ, ਮਲੇਰਕੋਟਲਾ, ਪਟਿਆਲਾ, ਰੂਪਨਗਰ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ ਅਤੇ ਐਸ.ਏ.ਐਸ. ਨਗਰ ਸਮੇਤ ਪੂਰੇ ਪੰਜਾਬ ‘ਚ ਰੋਸ ਪ੍ਰਦਰਸ਼ਨ ਹੋਏ।

ਬਲਤੇਜ ਪੰਨੂ ਨੇ ਸਪੱਸ਼ਟ ਕੀਤਾ ਕਿ ਪੰਜਾਬ ਬਰਾਬਰੀ ਦੀ ਧਰਤੀ ਹੈ, ਜੋ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ‘ਤੇ ਚੱਲਦਾ ਹੈ। ਪੰਜਾਬ ਦੇ ਲੋਕ ਦਲਿਤਾਂ ਅਤੇ ਮਿਹਨਤਕਸ਼ ਭਾਈਚਾਰਿਆਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਬਲਤੇਜ ਪੰਨੂ ਨੇ ਕਿਹਾ ਕਿ ਜਦੋਂ ਤੱਕ ਬਾਜਵਾ ਅਤੇ ਕਾਂਗਰਸ ਲੀਡਰਸ਼ਿਪ ਬਿਨਾਂ ਸ਼ਰਤ ਮੁਆਫ਼ੀ ਨਹੀਂ ਮੰਗਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

Read More: ਪੰਜਾਬ ‘ਚ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਡਿਜੀਟਲ ਮੁਲਾਂਕਣ ਪ੍ਰਣਾਲੀ ਲਾਗੂ ਹੋਵੇਗੀ: ਹਰਜੋਤ ਸਿੰਘ ਬੈਂਸ

ਵਿਦੇਸ਼

Scroll to Top