Punjab News

ਪੰਜਾਬ ਸਰਕਾਰ ਵੱਲੋਂ ਸੀਨੀਅਰ ਨਾਗਰਿਕਾਂ ਦੀ ਸਿਹਤ ਲਈ 7.86 ਕਰੋੜ ਰੁਪਏ ਅਲਾਟ: ਡਾ. ਬਲਜੀਤ ਕੌਰ

ਚੰਡੀਗੜ੍ਹ, 13 ਫਰਵਰੀ 2026: ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਪੰਜਾਬ ਸਰਕਾਰ ਸੀਨੀਅਰ ਨਾਗਰਿਕਾਂ ਨੂੰ ਸਮਾਜ ਦੀ ਕੀਮਤੀ ਸੰਪਤੀ ਮੰਨਦੀ ਹੈ | ਉਨ੍ਹਾਂ ਦੱਸਿਆ ਕਿ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ, ਹੁਣ ਤੱਕ ਲਗਭੱਗ 9,000 ਸੀਨੀਅਰ ਨਾਗਰਿਕ ਰਜਿਸਟਰਡ ਹੋਏ ਹਨ ਅਤੇ ਉਨ੍ਹਾਂ ਨੂੰ ਪੰਜਾਬ ਭਰ ‘ਚ ਲਗਾਏ ਜ਼ਿਲ੍ਹਾ-ਵਾਰ ਸਿਹਤ ਕੈਂਪਾਂ ਤੋਂ ਸਿੱਧੇ ਤੌਰ ‘ਤੇ ਲਾਭ ਮਿਲਿਆ ਹੈ।

ਡਾ. ਬਲਜੀਤ ਕੌਰ ਨੇ ਅੰਕੜੇ ਸਾਂਝੇ ਕਰਦੇ ਹੋਏ ਦੱਸਿਆ ਰਜਿਸਟਰਡ ਲਾਭਪਾਤਰੀਆਂ ‘ਚੋਂ 2,268 ਸੀਨੀਅਰ ਨਾਗਰਿਕਾਂ ਨੇ ਆਮ ਸਿਹਤ ਜਾਂਚ, 1,241 ਨੇ ਆਰਥੋਪੀਡਿਕ ਅਤੇ 2,607 ਸੀਨੀਅਰ ਨਾਗਰਿਕਾਂ ਨੇ ਅੱਖਾਂ ਦੀ ਜਾਂਚ ਕਰਵਾਈ। ਇਸ ਤੋਂ ਇਲਾਵਾ 631 ਸੀਨੀਅਰ ਨਾਗਰਿਕਾਂ ਨੇ ਯੋਗਾ ਸੈਸ਼ਨਾਂ ‘ਚ ਹਿੱਸਾ ਲਿਆ, 551 ਨੇ ਹੋਮਿਓਪੈਥਿਕ ਇਲਾਜ ਕਰਵਾਇਆ ਅਤੇ 791 ਨੇ ਆਯੁਰਵੈਦਿਕ ਸਿਹਤ ਸੇਵਾਵਾਂ ਤੋਂ ਲਾਭ ਉਠਾਇਆ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਏ.ਐਲ.ਆਈ.ਐਮ.ਸੀ.ਓ. ਸਕੀਮ ਤਹਿਤ, 243 ਸੀਨੀਅਰ ਨਾਗਰਿਕ ਰਜਿਸਟਰ ਕੀਤੇ ਸਨ, ਜਿਨ੍ਹਾਂ ‘ਚੋਂ 89 ਨੂੰ ਵ੍ਹੀਲਚੇਅਰ, ਐਨਕਾਂ ਅਤੇ ਸੁਣਨ ਵਾਲੀਆਂ ਮਸ਼ੀਨਾਂ ਵਰਗੇ ਸਹਾਇਕ ਉਪਕਰਣ ਪ੍ਰਦਾਨ ਕੀਤੇ ਸਨ। ਇਸ ਤੋਂ ਇਲਾਵਾ ਕੈਂਪਾਂ ਦੌਰਾਨ 233 ਸੀਨੀਅਰ ਨਾਗਰਿਕਾਂ ਦੇ ਬੁਢਾਪਾ ਪੈਨਸ਼ਨ ਫਾਰਮ ਭਰਨ ਸਬੰਧੀ ਪ੍ਰਕਿਰਿਆ ਕੀਤੀ ਅਤੇ 306 ਲਾਭਪਾਤਰੀਆਂ ਨੂੰ ਸੀਨੀਅਰ ਸਿਟੀਜ਼ਨ ਕਾਰਡ ਜਾਰੀ ਕੀਤੇ।

ਮੰਤਰੀ ਡਾ. ਬਲਜੀਤ ਕੌਰ ਨੇ ਜ਼ਿਲ੍ਹਾਵਾਰ ਵੇਰਵੇ ਦਿੰਦਿਆਂ ਦੱਸਿਆ ਕਿ ਸ੍ਰੀ ਫਿਰੋਜ਼ਪੁਰ, ਫਾਜ਼ਿਲਕਾ,ਅੰਮ੍ਰਿਤਸਰ ਸਾਹਿਬ, ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਮਾਨਸਾ, ਪਟਿਆਲਾ, ਰੂਪਨਗਰ ਅਤੇ ਐਸ.ਏ.ਐਸ. ਨਗਰ ਜ਼ਿਲ੍ਹਿਆਂ ‘ਚ ਪਹਿਲਾਂ ਹੀ ਸੀਨੀਅਰ ਨਾਗਰਿਕਾਂ ਲਈ ਸਿਹਤ ਜਾਂਚ ਕੈਂਪ ਲਗਾਏ ਜਾ ਚੁੱਕੇ ਹਨ। ਜ਼ਿਲ੍ਹਾਵਾਰ ਸਿਹਤ ਜਾਂਚ ਕੈਂਪ ਪੜਾਅਵਾਰ ਢੰਗ ਨਾਲ ਲਗਾਏ ਜਾ ਰਹੇ ਹਨ ਅਤੇ ਫਰਵਰੀ ਮਹੀਨੇ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਇਹ ਕੈਂਪ ਲਗਾਏ ਜਾਣਗੇ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਿਹਤ ਕੈਂਪਾਂ ‘ਚ ਬਜ਼ੁਰਗ ਨਾਗਰਿਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਫਰੀਦਕੋਟ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਸਾਹਿਬ, ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਮਲੇਰਕੋਟਲਾ, ਸ਼ਹੀਦ ਭਗਤ ਸਿੰਘ ਨਗਰ, ਸੰਗਰੂਰ ਅਤੇ ਤਰਨਤਾਰਨ ਜ਼ਿਲ੍ਹਿਆਂ ‘ਚ ਵੀ ਕੈਂਪ ਲਗਾਏ ਜਾਣਗੇ।

ਡਾ. ਬਲਜੀਤ ਕੌਰ ਨੇ ਵਿੱਤੀ ਫੰਡਾਂ ਬਾਰੇ ਦੱਸਿਆ ਕਿ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ, ਸੀਨੀਅਰ ਸਿਟੀਜ਼ਨਜ਼ ਲਈ ਰਾਜ ਕਾਰਜ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਸਿਹਤ ਕੈਂਪਾਂ ਅਤੇ ਸਬੰਧਿਤ ਗਤੀਵਿਧੀਆਂ ਲਈ 7.86 ਕਰੋੜ ਰੁਪਏ ਦੇ ਬਜਟ ਦਾ ਉਪਬੰਧ ਕੀਤਾ ਹੈ। ਇਸ ਕੈਂਪ ‘ਚ ਮੋਤੀਆਬਿੰਦ ਸਰਜਰੀ, ਸਹਾਇਕ ਉਪਕਰਣਾਂ ਦੀ ਮੁਫਤ ਵੰਡ, ਬੁਢਾਪਾ ਪੈਨਸ਼ਨ ਫਾਰਮ ਭਰਨ, ਸੀਨੀਅਰ ਸਿਟੀਜ਼ਨ ਕਾਰਡ ਜਾਰੀ ਕਰਨ ਅਤੇ ਸੀਨੀਅਰ ਨਾਗਰਿਕਾਂ ਦੇ ਕਾਨੂੰਨੀ ਅਤੇ ਸਮਾਜਿਕ ਅਧਿਕਾਰਾਂ ਬਾਰੇ ਜਾਗਰੂਕਤਾ ਦੀ ਸਹੂਲਤ ਦਿੱਤੀ ਜਾ ਰਹੀ ਹੈ |

ਮੰਤਰੀ ਡਾ. ਬਲਜੀਤ ਕੌਰ ਨੇ ਅਪੀਲ ਕੀਤੀ ਹੈ ਕਿ ਆਪਣੇ ਬਜ਼ੁਰਗਾਂ ਨੂੰ ਇਨ੍ਹਾਂ ਸਿਹਤ ਕੈਂਪਾਂ ‘ਚ ਲਿਆਉਣ ਤਾਂ ਜੋ ਵੱਧ ਤੋਂ ਵੱਧ ਸੀਨੀਅਰ ਨਾਗਰਿਕ ਪੰਜਾਬ ਸਰਕਾਰ ਦੀਆਂ ਭਲਾਈ ਪਹਿਲਕਦਮੀਆਂ ਦਾ ਲਾਭ ਉਠਾ ਸਕਣ।

Read More: ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਿਹਤ ਕੈਂਪਾਂ ‘ਚ ਲਗਭਗ 9,000 ਸੀਨੀਅਰ ਨਾਗਰਿਕ ਹੋਏ ਰਜਿਸਟਰਡ: ਡਾ. ਬਲਜੀਤ ਕੌਰ

ਵਿਦੇਸ਼

Scroll to Top