ਦੇਸ਼, 12 ਫਰਵਰੀ 2026: ਅੱਜ ਸੰਸਦ ਦੇ ਬਜਟ ਸੈਸ਼ਨ ਦਾ 12ਵਾਂ ਦਿਨ ਹੈ, ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਲੋਕ ਸਭਾ ਸਪੀਕਰ ਦੇ ਚੈਂਬਰ ‘ਚ ਹੋਏ ਹੰਗਾਮੇ ਦਾ ਇੱਕ ਨਵਾਂ ਵੀਡੀਓ ਪੋਸਟ ਕੀਤਾ ਹੈ। ਬੁੱਧਵਾਰ ਨੂੰ ਜਾਰੀ ਕੀਤੀ ਨਵੀਂ ਵੀਡੀਓ ਕਲਿੱਪ ਤੋਂ ਪਹਿਲਾਂ ਹੀ, ਰਿਜੀਜੂ ਨੇ ਵਿਰੋਧੀ ਪਾਰਟੀਆਂ ‘ਤੇ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ 20-25 ਕਾਂਗਰਸੀ ਸੰਸਦ ਮੈਂਬਰ ਸਪੀਕਰ ਦੇ ਚੈਂਬਰ ‘ਚ ਦਾਖਲ ਹੋਏ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਵੀਡੀਓ ਦੇ ਨਾਲ ਲਿਖਿਆ, “ਇਹ ਇੱਕ ਕਾਂਗਰਸੀ ਸੰਸਦ ਮੈਂਬਰ ਦੁਆਰਾ ਬਣਾਈ ਗਈ ਇੱਕ ਗੈਰ-ਕਾਨੂੰਨੀ ਵੀਡੀਓ ਕਲਿੱਪ ਹੈ, ਜਿਸ ‘ਚ 20-25 ਕਾਂਗਰਸੀ ਸੰਸਦ ਮੈਂਬਰ ਲੋਕ ਸਭਾ ਸਪੀਕਰ ਦੇ ਚੈਂਬਰ ‘ਚ ਦਾਖਲ ਹੁੰਦੇ ਹਨ, ਉਨ੍ਹਾਂ ਨਾਲ ਦੁਰਵਿਵਹਾਰ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਨੂੰ ਧਮਕੀ ਦਿੰਦੇ ਹਨ। ਸਾਡੀ ਪਾਰਟੀ ਬਹਿਸ ਅਤੇ ਚਰਚਾ ‘ਚ ਵਿਸ਼ਵਾਸ ਰੱਖਦੀ ਹੈ ਅਤੇ ਕਦੇ ਵੀ ਸੰਸਦ ਮੈਂਬਰਾਂ ਨੂੰ ਸਰੀਰਕ ਧਮਕੀਆਂ ਦੇਣ ਨੂੰ ਉਤਸ਼ਾਹਿਤ ਨਹੀਂ ਕਰਦੀ।”
ਰਿਜੀਜੂ ਦੇ ਹੈਂਡਲ ‘ਤੇ ਸ਼ੇਅਰ ਕੀਤੀ ਵੀਡੀਓ ਵਿੱਚ ਕਾਂਗਰਸੀ ਸੰਸਦ ਮੈਂਬਰ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਚੈਂਬਰ ‘ਚ ਦਾਖਲ ਹੁੰਦੇ ਹੋਏ ਅਤੇ ਜ਼ੋਰ-ਸ਼ੋਰ ਨਾਲ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਰਿਜੀਜੂ ਨੇ ਵਿਰੋਧ ਪ੍ਰਦਰਸ਼ਨ ਦੀ ਇਸ ਵੀਡੀਓ ਕਲਿੱਪ ਦੇ ਨਾਲ ਆਪਣਾ ਬਿਆਨ ਵੀ ਸਾਂਝਾ ਕੀਤਾ।
ਉਨ੍ਹਾਂ ਕਿਹਾ, ‘ਪ੍ਰਿਯੰਕਾ ਗਾਂਧੀ ਅਤੇ ਕੇਸੀ ਵੇਣੂਗੋਪਾਲ ਦੀ ਮੌਜੂਦਗੀ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਗਾਲ੍ਹਾਂ ਕੱਢੀਆਂ ਅਤੇ ਇਹ ਵੀ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਸੰਸਦ ‘ਚ ਆਉਂਦੇ ਹਨ, ਤਾਂ ਤੁਸੀਂ ਦੇਖੋਗੇ ਕਿ ਅਸੀਂ ਕੀ ਕਰਦੇ ਹਾਂ।’ ਰਿਜੀਜੂ ਨੇ ਕਿਹਾ ਕਿ ਜੇਕਰ ਅਸੀਂ ਵੀ ਆਪਣੇ ਸੰਸਦ ਮੈਂਬਰਾਂ ਨੂੰ ਸੰਜਮ ਵਰਤਣ ਲਈ ਨਾ ਕਿਹਾ ਹੁੰਦਾ ਅਤੇ ਉਨ੍ਹਾਂ ਨੂੰ ਕਾਬੂ ਨਾ ਕੀਤਾ ਹੁੰਦਾ, ਤਾਂ ਸੰਸਦ ‘ਚ ਮਹਾਂਭਾਰਤ ਹੋ ਸਕਦੀ ਸੀ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਲੋਕ ਸਭਾ ‘ਚ ਆਮ ਬਜਟ ‘ਤੇ ਚਰਚਾ ਹੋਈ ਸੀ। ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਮੇਤ ਕਈ ਸੰਸਦ ਮੈਂਬਰਾਂ ਨੇ ਇਸ ‘ਚ ਹਿੱਸਾ ਲਿਆ। ਖਾਸ ਗੱਲ ਇਹ ਸੀ ਕਿ ਹੰਗਾਮੇ ਕਾਰਨ ਕਈ ਦਿਨਾਂ ਤੱਕ ਜਾਰੀ ਰਹੇ ਰੁਕਾਵਟ ਤੋਂ ਬਾਅਦ, ਮੰਗਲਵਾਰ ਨੂੰ ਸਦਨ ‘ਚ ਵਿਧਾਨਕ ਕੰਮ ਹੋਇਆ। ਚਰਚਾ ਖਤਮ ਹੋਣ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਚਰਚਾ ਦਾ ਜਵਾਬ ਦਿੱਤਾ।
Read More: ਐਪਸਟਾਈਨ ਨੂੰ ਤਿੰਨ ਜਾਂ ਚਾਰ ਵਾਰ ਮਿਲਿਆ, ਗੱਲਬਾਤ ਪੇਸ਼ੇਵਰ ਸੀ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ




