Sri Anandpur Sahib news

5 ਪੁਲਾਂ ਤੇ ਰੋਡ ਪ੍ਰੋਜੈਕਟਾਂ ਨਾਲ ਸ੍ਰੀ ਅਨੰਦਪੁਰ ਸਾਹਿਬ ਇਲਾਕੇ ‘ਚ ਆਰਥਿਕ ਵਿਕਾਸ ਨੂੰ ਮਿਲੇਗਾ ਵੱਡਾ ਹੁਲਾਰਾ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 09 ਫਰਵਰੀ 2026: ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਇਲਾਕੇ ‘ਚ ਸੜਕੀ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਅਹਿਮ ਪ੍ਰੋਜੈਕਟਾਂ ਨੂੰ ਹਰੀ ਝੰਡੀ ਮਿਲ ਗਈ ਹੈ। ਇਸ ਸੰਬੰਧੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ 5 ਅਹਿਮ ਪੁਲਾਂ ਨੂੰ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਵੱਲੋਂ ਮਨਜ਼ੂਰੀ ਮਿਲ ਗਈ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਵਾਨਿਤ ਪੁਲ ਪ੍ਰੋਜੈਕਟਾਂ ‘ਚ ਬ੍ਰਹਮਪੁਰ ਅਤੇ ਡਰੋਲੀ ਪੁਲ ਸ਼ਾਮਲ ਹਨ, ਜੋ ਅਸਲ ‘ਚ ਨਹਿਰ ਦੀ ਉਸਾਰੀ ਸਮੇਂ ਬਣਾਏ ਸਨ। ਇਨ੍ਹਾਂ ਪੁਲਾਂ ਨੂੰ ਆਧੁਨਿਕ ਜ਼ਰੂਰਤਾਂ ਨੂੰ ਦੇਖਦੇ ਹੋਏ ਹੁਣ ਦੁਬਾਰਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੰਗੂਵਾਲ ਡਬਲ ਪੁਲ ਇੱਕ ਰਣਨੀਤਕ ਪ੍ਰੋਜੈਕਟ ਹੈ। ਇਨ੍ਹਾਂ ਪੁਲਾਂ ਦੀ ਉਸਾਰੀ ਨਾਲ ਖਾਸ ਕਰਕੇ ਗੁਰੂ ਕਾ ਲਾਹੌਰ ਵਿਖੇ ਵਿਆਹ ਪੁਰਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਦੌਰਾਨ ਵੱਡੀ ਗਿਣਤੀ ‘ਚ ਆਉਣ ਵਾਲੀ ਸੰਗਤ ਨੂੰ ਵੱਡੀ ਰਾਹਤ ਹੋਵੇਗੀ, ਉੱਥੇ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਟਾਰੀ ਪਿੰਡ ਦਾ ਪੁਲ ਅਟਾਰੀ ਪਿੰਡ ਨੂੰ ਸਿੱਧੇ ਕੌਮੀ ਰਾਜਮਾਰਗ ਨਾਲ ਜੋੜੇਗਾ, ਜਿਸ ਨਾਲ ਲੰਮੇ ਚੱਕਰ ਖਤਮ ਹੋਣਗੇ ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਭਾਓਵਾਲ ਪੁਲ ਨਾਲ ਖੇਤਰ ‘ਚ ਰੁਜ਼ਗਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਸਰਸਾ ਨੰਗਲ ਪੁਲ ਪ੍ਰੋਜੈਕਟ ਦਾ ਟੈਂਡਰ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ ਅਤੇ ਇਸ ਦਾ ਕੰਮ 14 ਅਪ੍ਰੈਲ ਦੇ ਕਰੀਬ ਸ਼ੁਰੂ ਹੋ ਜਾਵੇਗਾ।

ਹਰਜੋਤ ਸਿੰਘ ਬੈਂਸ ਨੇ ਨੰਗਲ ਤੋਂ ਕਲਮਾ ਮੋੜ ਸੜਕ ਅਤੇ ਭੰਗਲਾਂ ਤੋਂ ਕਾਨਪੁਰ ਖੂਹੀ ਸੜਕ ਸਬੰਧੀ ਯੋਜਨਾਵਾਂ ਬਾਰੇ ਵੀ ਯੋਜਨਾ ਸਾਂਝੀ ਕੀਤੀ। ਨੰਗਲ ਤੋਂ ਕਲਮਾ ਮੋੜ ਸੜਕ 10 ਕਰੋੜ ਰੁਪਏ ਦੀ ਲਾਗਤ ਨਾਲ ਭਾਰੀ ਉਦਯੋਗਿਕ ਆਵਾਜਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਈ ਜਾਵੇਗੀ, ਜਦੋਂ ਕਿ ਭੰਗਲਾਂ ਤੋਂ ਕਾਨਪੁਰ ਖੂਹੀ ਸੜਕ ਨੂੰ ਅਪਗ੍ਰੇਡ ਕਰਨ ਨਾਲ ਬੱਸ ਸੰਪਰਕ ‘ਚ ਸੁਧਾਰ ਹੋਵੇਗਾ ਅਤੇ ਖੇੜਾ ਕਲਮੋਟ ‘ਚ ਪਾਣੀ ਭਰਨ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੜਕ ਦੇ ਦੋਵੇਂ ਪਾਸੇ ਕੰਕਰੀਟ ਦੀ ਡਰੇਨ ਬਣਾਈ ਜਾਵੇਗੀ। ਇਹ ਪ੍ਰਾਜੈਕਟ ਲਗਭੱਗ 12.5 ਕਰੋੜ ਰੁਪਏ ਨਾਲ ਤਿਆਰ ਹੋਵੇਗਾ। ਇਨ੍ਹਾਂ ਦੋਵਾਂ ਪ੍ਰੋਜੈਕਟਾਂ ‘ਤੇ ਕੰਮ ਅਗਲੇ ਦੋ ਹਫ਼ਤਿਆਂ ਦੇ ਅੰਦਰ ਸ਼ੁਰੂ ਹੋ ਜਾਵੇਗਾ।

Read More: ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਅਹੁਦਾ ਸਾਂਭਿਆ

ਵਿਦੇਸ਼

Scroll to Top