ਦੇਸ਼, 03 ਫਰਵਰੀ 2026: ਏਅਰ ਇੰਡੀਆ ਦੇ ਇੱਕ ਪਾਇਲਟ ਨੇ ਸੋਮਵਾਰ (2 ਫਰਵਰੀ) ਨੂੰ ਲੰਡਨ ਤੋਂ ਬੰਗਲੁਰੂ ਜਾਣ ਵਾਲੇ ਇੱਕ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਬਾਲਣ ਨਿਯੰਤਰਣ ਸਵਿੱਚ ‘ਚ ਖਰਾਬੀ ਦੀ ਰਿਪੋਰਟ ਕੀਤੀ, ਜਿਸ ਕਾਰਨ ਜਹਾਜ਼ ਨੂੰ ਉਡਾਣ ਭਰਨ ਤੋਂ ਰੁਕਣਾ ਪਿਆ। ਇਸ ਘਟਨਾ ਤੋਂ ਬਾਅਦ, ਏਅਰ ਇੰਡੀਆ ਨੇ ਆਪਣੇ ਬੋਇੰਗ 787 ਡ੍ਰੀਮਲਾਈਨਰ ਫਲੀਟ ਦੇ ਬਾਲਣ ਨਿਯੰਤਰਣ ਸਵਿੱਚਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਹਾਜ਼ ਲੰਡਨ ਤੋਂ ਬੰਗਲੁਰੂ ਜਾ ਰਹੀ AI-132 ਉਡਾਣ ਭਰ ਰਿਹਾ ਸੀ ਅਤੇ ਸੋਮਵਾਰ ਸਵੇਰੇ ਬੰਗਲੁਰੂ ‘ਚ ਉਤਰਿਆ, ਜਿਸ ‘ਚ ਲਗਭੱਗ 200 ਜਣੇ ਸਵਾਰ ਸਨ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਲਗਭੱਗ ਅੱਧੇ ਜਹਾਜ਼ ਫਲੀਟ ਦਾ ਨਿਰੀਖਣ ਪੂਰਾ ਹੋ ਗਿਆ ਹੈ ਅਤੇ ਕੋਈ ਨੁਕਸ ਨਹੀਂ ਪਾਇਆ ਗਿਆ ਹੈ, ਪਰ ਬਾਕੀ ਏਅਰ ਇੰਡੀਆ ਜਹਾਜ਼ਾਂ ਦਾ ਨਿਰੀਖਣ ਅਜੇ ਵੀ ਜਾਰੀ ਹੈ। ਲੰਡਨ-ਬੰਗਲੁਰੂ ਉਡਾਣ ‘ਚ ਖਰਾਬੀ ਤੋਂ ਬਾਅਦ ਏਅਰਲਾਈਨ ਦੇ ਇੰਜੀਨੀਅਰਿੰਗ ਵਿਭਾਗ ਨੇ ਮਾਮਲੇ ਨੂੰ ਤਰਜੀਹੀ ਜਾਂਚ ਲਈ ਬੋਇੰਗ ਨੂੰ ਭੇਜ ਦਿੱਤਾ ਹੈ।
ਏਅਰ ਇੰਡੀਆ 33 ਬੋਇੰਗ 787 ਡ੍ਰੀਮਲਾਈਨਰ ਜਹਾਜ਼ ਚਲਾਉਂਦਾ ਹੈ। ਚਰਚਾ ਹੈ ਕਿ ਏਅਰ ਇੰਡੀਆ ਦੇ ਫਲਾਈਟ ਆਪਰੇਸ਼ਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਨੀਸ਼ ਉੱਪਲ ਨੇ ਬੋਇੰਗ 787 ਪਾਇਲਟਾਂ ਨੂੰ ਸੂਚਿਤ ਕੀਤਾ ਕਿ ਏਅਰਲਾਈਨ ਨੇ ਫਲੀਟ ‘ਚ ਜਹਾਜ਼ ਦੇ ਫਿਊਲ ਕੰਟਰੋਲ ਸਵਿੱਚਾਂ ਦੀ ਮੁੜ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਪਲ ਨੇ ਕਿਹਾ ਕਿ ਏਅਰਲਾਈਨ ਦੀ ਇੰਜੀਨੀਅਰਿੰਗ ਟੀਮ ਨੇ ਮਾਮਲੇ ਨੂੰ ਪਹਿਲ ਦੇ ਆਧਾਰ ‘ਤੇ ਜਾਂਚ ਲਈ ਬੋਇੰਗ ਨੂੰ ਭੇਜ ਦਿੱਤਾ ਹੈ।
ਇਸ ਤੋਂ ਇਲਾਵਾ, ਏਅਰ ਇੰਡੀਆ ਨੇ ਚਾਲਕ ਦਲ ਨੂੰ ਕਿਹਾ ਹੈ ਕਿ ਉਹ ਸੰਚਾਲਨ ਦੌਰਾਨ ਦੇਖੀ ਗਈ ਕਿਸੇ ਵੀ ਖਰਾਬੀ ਦੀ ਤੁਰੰਤ ਰਿਪੋਰਟ ਕਰਨ ਅਤੇ ਜਹਾਜ਼ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਸਾਰੀਆਂ ਜ਼ਰੂਰੀ ਕਾਰਵਾਈਆਂ ਕਰਨ ਨੂੰ ਯਕੀਨੀ ਬਣਾਉਣ। ਜਿਕਰਯੋਗ ਹੈ ਕਿ ਏਅਰ ਇੰਡੀਆ ਨੇ ਪਿਛਲੇ ਸਾਲ ਅਹਿਮਦਾਬਾਦ ‘ਚ ਬੋਇੰਗ 787-8 ਜਹਾਜ਼ ਦੇ ਘਾਤਕ ਹਾਦਸੇ ਤੋਂ ਬਾਅਦ ਪਹਿਲਾਂ ਹੀ ਬਾਲਣ ਕੰਟਰੋਲ ਸਵਿੱਚਾਂ ਦੀ ਜਾਂਚ ਕੀਤੀ ਸੀ, ਜਿਸ ‘ਚ 260 ਜਣੇ ਮਾਰੇ ਗਏ ਸਨ।
Read More: Air India: ਕੋਚੀਨ ਹਵਾਈ ਅੱਡੇ ‘ਤੇ ਏਅਰ ਇੰਡੀਆ ਫਲਾਈਟ ਦੀ ਐਮਰਜੈਂਸੀ ਲੈਂਡਿੰਗ




