ਸਕ੍ਰੈਪਡ

ਪੁਲਿਸ ਥਾਣਿਆਂ ਜਾਂ ਹੋਰ ਸਰਕਾਰੀ ਥਾਵਾਂ ਤੋਂ ਸਕ੍ਰੈਪਡ, ਲਾਵਾਰਿਸ ਤੇ ਜ਼ਬਤ ਵਾਹਨਾਂ ਨੂੰ ਹਟਾਉਣ ਦੇ ਹੁਕਮ

ਚੰਡੀਗੜ੍ਹ 18 ਜਨਵਰੀ 2026: ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਪੁਲਿਸ ਥਾਣਿਆਂ ਅਤੇ ਸ਼ਹਿਰ ਦੀ ਹਦੂਦ ਅੰਦਰ ਪੈਂਦੀਆਂ ਹੋਰ ਸਰਕਾਰੀ ਜ਼ਮੀਨਾਂ ਵਿਖੇ ਮੌਜਦੂ ਸਾਰੇ ਸਕ੍ਰੈਪਡ, ਛੱਡੇ ਹੋਏ, ਲਾਵਾਰਿਸ ਅਤੇ ਜ਼ਬਤ ਕੀਤੇ ਵਾਹਨਾਂ ਨੂੰ ਹਟਾਉਣ ਅਤੇ ਸ਼ਹਿਰੀ ਖੇਤਰਾਂ ਤੋਂ ਬਾਹਰ ਯਾਰਡਾਂ ‘ਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ |

ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪੁਲਿਸ ਥਾਣਿਆਂ, ਟ੍ਰੈਫਿਕ ਪੁਲਿਸ ਯਾਰਡਾਂ, ਨਗਰ ਪਾਲਿਕਾ ਦੀਆਂ ਜ਼ਮੀਨਾ ਅਤੇ ਸ਼ਹਿਰ ਦੀਆਂ ਸੜਕਾਂ ਦੇ ਨਾਲ ਲੰਬੇ ਸਮੇਂ ਤੋਂ ਖੜ੍ਹੇ ਅਜਿਹੇ ਸਾਰੇ ਵਾਹਨਾਂ ਨੂੰ 30 ਦਿਨਾਂ ‘ਚ ਸ਼ਹਿਰ ਦੀ ਹਦੂਦ ਤੋਂ ਬਾਹਰ ਸਥਿਤ ਵਾਹਨ ਯਾਰਡਾਂ ‘ਚ ਪਹੁੰਚਾ ਦਿੱਤਾ ਜਾਵੇਗਾ।

ਉਨ੍ਹਾਂ ਨੇ ਪੁਲਿਸ ਵਿਭਾਗ, ਨਗਰ ਨਿਗਮਾਂ, ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਨੂੰ ਤੁਰੰਤ ਸਰਵੇਖਣ ਕਰਨ, ਵਿਸਤ੍ਰਿਤ ਸੂਚੀ ਤਿਆਰ ਕਰਨ ਅਤੇ ਇਸ ਹੁਕਮ ਦੀ ਸਮਾਂਬੱਧ ਢੰਗ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਸ਼ਹਿਰ ਦੀ ਹਦੂਦ ਅੰਦਰ ਵੱਡੀ ਗਿਣਤੀ ‘ਚ ਖੜ੍ਹੇ ਕੰਡਮ ਅਤੇ ਜ਼ਬਤ ਕੀਤੇ ਵਾਹਨਾਂ ਦੀ ਮੌਜੂਦਗੀ ਨਾਲ ਕਈ ਨਾਗਰਿਕ ਅਤੇ ਪ੍ਰਸ਼ਾਸਕੀ ਚੁਣੌਤੀਆਂ ਪੈਦਾ ਹੁੰਦੀਆਂ ਹਨ। ਪੁਰਾਣੇ ਵਾਹਨਾਂ ਦੇ ਧੂਏਂ ਤੋਂ, ਬਿਜਲਈ ਨੁਕਸ ਅਤੇ ਜਲਣਸ਼ੀਲ ਪਦਾਰਥਾਂ ਕਾਰਨ ਸੰਘਣੀ ਆਬਾਦੀ ਵਾਲੇ ਸ਼ਹਿਰੀ ਖੇਤਰਾਂ ‘ਚ ਕਈ ਗੰਭੀਰ ਵਾਤਾਵਰਣ ਦਿੱਕਤਾਂ ਪੈਦਾ ਹੁੰਦੀਆਂ ਹਨ। ਲਾਵਾਰਿਸ ਜਾਂ ਚਿਰਾਂ ਤੋਂ ਛੱਡੇ ਹੋਏ ਇਨ੍ਹਾਂ ਵਾਹਨਾਂ ‘ਚ ਪਾਣੀ ਇਕੱਠਾ ਹੋ ਜਾਂਦਾ ਹੈ, ਜੋ ਮੱਛਰਾਂ ਦੇ ਨਾਲ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।

ਇਸਦੇ ਨਾਲ ਹੀ ਪੁਲਿਸ ਥਾਣਿਆਂ ਦੇ ਅਹਾਤੇ ਕਾਰਜਸ਼ੀਲ ਲੋੜਾਂ, ਐਮਰਜੈਂਸੀ ਵਾਹਨਾਂ ਅਤੇ ਜਨਤਕ ਸੇਵਾ ਪ੍ਰਦਾਨ ਕਰਨ ਲਈ ਹੁੰਦੇ ਹਨ, ਲੰਮੇ ਸਮੇਂ ਲਈ ਵਾਹਨ ਡੰਪਿੰਗ ਲਈ ਨਹੀਂ। ਸੜਕਾਂ ਦੇ ਨਾਲੋ-ਨਾਲ ਅਤੇ ਜਨਤਕ ਥਾਵਾਂ ’ਤੇ ਖੜ੍ਹੇ ਵਾਹਨ ਆਵਾਜਾਈ ‘ਚ ਵਿਘਨ ਪਾਉਂਦੇ ਹਨ ਅਤੇ ਸ਼ਹਿਰ ਦੀ ਸਫ਼ਾਈ ਅਤੇ ਦਿੱਖ ਨੂੰ ਢਾਹ ਲਾਉਂਦੇ ਹਨ। ਖ਼ਸਤਾ ਹਾਲਤ ਵਾਲੇ ਜਾਂ ਪੁਰਾਣੇ ਵਾਹਨਾਂ ਚੋਂ ਤੇਲ, ਰਸਾਇਣ ਅਤੇ ਭਾਰੀ ਧਾਤਾਂ ਲੀਕ ਹੁੰਦੀਆਂ ਹਨ, ਜਿਸ ਨਾਲ ਮਿੱਟੀ ਅਤੇ ਜ਼ਮੀਨਦੋਸ਼ ਪਾਣੀ ਦੂਸ਼ਿਤ ਹੁੰਦਾ ਹੈ।

ਕਾਨੂੰਨੀ ਅਤੇ ਰੈਗੂਲੇਟਰੀ ਢਾਂਚਾ

ਕੈਬਿਨਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਮੌਜੂਦਾ ਕਾਨੂੰਨੀ ਪ੍ਰਬੰਧਾਂ, ਮੋਟਰ ਵਾਹਨ ਐਕਟ, 1988 – ਲੋਕਾਂ ਵੱਲੋਂ ਛੱਡੇ ਹੋਏ ਅਤੇ ਲਾਵਾਰਿਸ ਵਾਹਨਾਂ ਨੂੰ ਹਟਾਉਣ ਅਤੇ ਕੇਂਦਰੀ ਮੋਟਰ ਵਾਹਨ ਨਿਯਮ, 1989 – ਖ਼ਸਤਾ ਹਾਲਤ ਵਾਲੇ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਅਤੇ ਡਿਸਪੋਜ਼ ਕਰਨ ਦੀ ਤਰਜ਼ ’ਤੇ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਾਰਵਾਈ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮ, 2016 ਵਾਹਨਾਂ ਸਮੇਤ ਨਾਨ-ਬਾਇਚਗ੍ਰੇਡੇਬਲ ਵੇਸਟ ਦੇ ਸੁਰੱਖਿਅਤ ਪ੍ਰਬੰਧਨ ਅਤੇ ਨਿਪਟਾਰੇ ਦੇ ਅਧੀਨ ਵੀ ਹੈ।

ਇਸਦੇ ਨਾਲ ਹੀ ਸਾਰੇ ਪਛਾਣੇ ਵਾਹਨਾਂ ਨੂੰ ਟੈਗ ਲਗਾਏ ਜਾਣਗੇ ਅਤੇ ਉਨ੍ਹਾਂ ਦੀ ਫੋਟੋ ਖਿੱਚੀ ਜਾਵੇਗੀ। ਵਾਹਨਾਂ ’ਤੇ ਨੋਟਿਸ ਲਗਾਏ ਜਾਣਗੇ। ਜੇਕਰ ਮਾਲਕੀ ਦਾ ਪਤਾ ਲਗਾਇਆ ਜਾ ਸਕਦਾ ਹੋਵੇਗਾ ਤਾਂ ਮਾਲਕਾਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਕਾਨੂੰਨ ਅਨੁਸਾਰ ਆਪਣੇ ਵਾਹਨਾਂ ਦਾ ਦਾਅਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ। ਜ਼ਬਤ ਕੀਤੇ ਵਾਹਨਾਂ ਨੂੰ ਸਾਰੇ ਲਾਜ਼ਮੀ ਕਾਨੂੰਨੀ ਦਸਤਾਵੇਜ਼ ਪੂਰੇ ਕਰਨ ਤੋਂ ਬਾਅਦ ਹੀ ਤਬਦੀਲ ਕੀਤਾ ਜਾਵੇਗਾ |

ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨੇ ਲੋਕਾਂ ਨੂੰ ਇਸ ਸ਼ਹਿਰ ਵਿਆਪੀ ਸਫਾਈ ਅਤੇ ਸੁਰੱਖਿਆ ਮੁਹਿੰਮ ‘ਚ ਸਹਿਯੋਗ ਕਰਨ ਦੀ ਅਪੀਲ ਕੀਤੀ। ਵਾਹਨ ਮਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਬੰਧਤ ਪੁਲਿਸ ਥਾਣਿਆਂ ਅਤੇ ਨਗਰ ਨਿਗਮ ਅਧਿਕਾਰੀਆਂ ਨਾਲ ਆਪਣੇ ਪੱਧਰ ’ਤੇ ਗੱਲਬਾਤ ਕਰਕੇ ਉਨ੍ਹਾਂ ਵੱਲੋਂ ਛੱਡੇ ਵਾਹਨਾਂ ਦੀ ਸਥਿਤੀ ਦਾ ਪਤਾ ਲਗਾਉਣ।

Read More: SC ਕਮਿਸ਼ਨ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਪੀ.(ਡੀ) ਨੂੰ ਕੀਤਾ ਤਲਬ

ਵਿਦੇਸ਼

Scroll to Top