ਜਲੰਧਰ,08 ਜਨਵਰੀ 2026: ਭਾਰਤੀ ਜਨਤਾ ਪਾਰਟੀ ਵੱਲੋਂ ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ਸਬੰਧੀ ਜਨ ਜਾਗਰੂਕਤਾ ਸਬੰਧੀ ਸੂਬਾ ਪੱਧਰੀ ਅਭਿਆਨ ਦੀ ਲੜੀ ਤਹਿਤ ਅੱਜ ਪਿੰਡ ਫੋਲੜੀਵਾਲ ਵਿਖੇ ਇਕ ਜਨ ਸੰਵਾਦ ਰੈਲੀ ਕੀਤੀ |
ਇਸ ਮੌਕੇ ਸੁਨੀਲ ਜਾਖੜ ਨੇ ਨਵੇਂ ਰੋਜਗਾਰ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨਵੀਂ ਵਿਵਸਥਾ ਇੰਨ੍ਹਾਂ ਲੋਕਾਂ ਦੀ ਭ੍ਰਿਸ਼ਟ ਕਮਾਈ ਤੇ ਰੋਕ ਲਗਾਏਗੀ। ਇਸੇ ਕਾਰਨ ਇਸ ਨਵੇਂ ਗਰੀਬ ਪੱਖੀ ਫੈਸਲੇ ਦਾ ਆਪ ਤੇ ਕਾਂਗਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵਾਂ ਰੋਜਗਾਰ ਕਾਨੂੰਨ ਗਰੀਬ ਮਜਦੂਰ ਦੇ ਹਿੱਤਾਂ ਨੂੰ ਕੇਂਦਰ ‘ਚ ਰੱਖ ਕੇ ਬਣਾਇਆ ਹੈ, ਇਸ ‘ਚ ਇਹ ਯਕੀਨੀ ਬਣਾਇਆ ਹੈ ਕਿ ਹੁਣ ਮਜਦੂਰ ਦੇ ਹਿੱਸੇ ਦੀ ਗ੍ਰਾਂਟ ਠੇਕੇਦਾਰਾਂ ਅਤੇ ਵਿਚੋਲੀਆਂ ਦੀ ਜੇਬ ‘ਚ ਨਾ ਜਾਵੇ ਅਤੇ ਮਜਦੂਰ ਦਾ ਪੈਸਾ ਮਜਦੂਰ ਨੂੰ ਮਿਲੇ। ਇਸੇ ਤਰਾਂ ਰੋਜਗਾਰ ਦੇ ਦਿਨ 100 ਤੋਂ ਵਧਾ ਕੇ 125 ਕਰ ਦਿੱਤੇ ਹਨ।
ਉਨ੍ਹਾਂ ਨੇ ਕਿਹਾ ਕਿ ਆਪ ਅਤੇ ਕਾਂਗਰਸ ਨੂੰ ਇਸ ਯੋਜਨਾ ਵਿਚ ਰਾਮ ਨਾਮ ਸ਼ਬਦ ਸ਼ਾਮਲ ਹੋਣ ਤੇ ਵੀ ਇਤਰਾਜ ਹੈ। ਉਨ੍ਹਾਂ ਨੇ ਦਿੱਲੀ ਦੀ ਆਪ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਦਿੱਲੀ ਵਿਧਾਨ ਸਭਾ ‘ਚ ਗੁਰੂ ਸਾਹਿਬਾਨ ਲਈ ਵਰਤੇ ਅਪਮਾਨਜਨਕ ਸ਼ਬਦਾਂ ਦੀ ਗੱਲ ਕਰਦਿਆਂ ਕਿਹਾ ਕਿ ਇਸ ਪਾਰਟੀ ਦੇ ਆਗੂਆਂ ਦਾ ਅਸਲੀ ਚਿਹਰਾ ਹੁਣ ਸਭ ਦੇ ਸਾਹਮਣੇ ਆ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਬੇਅਦਬੀ ਦੇ ਦੋਸ਼ੀਆਂ ਨੂੰ ਮੌਤ ਦੀ ਸਜਾ ਦਾ ਕਾਨੂੰਨ ਬਣਾਉਣ ਦੀ ਗੱਲ ਕਰ ਰਹੇ ਹਨ ਦੁਜੇ ਪਾਸੇ ਉਨ੍ਹਾਂ ਦੀ ਬੇਅਦਬੀ ਸਬੰਧੀ ਇਕ ਇਤਿਰਾਜਯੋਗ ਵੀਡੀਓ ਘੁੰਮ ਰਹੀ ਹੈ ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ|
ਭਾਜਪਾ ਪ੍ਰਧਾਨ ਨੇ ਵਿਰੋਧੀ ਪਾਰਟੀਆਂ ਵਾਲੇ ਨਹੀਂ ਚਾਹੁੰਦੇ ਕਿ ਗਰੀਬ ਦਾ ਹੱਕ ਉਸ ਤੱਕ ਪਹੁੰਚੇ ਅਤੇ ਇੰਨ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਲਗਾਮ ਲੱਗੇ। ਉਨ੍ਹਾਂ ਨੇ ਕਿਹਾ ਕਿ ਜੀ ਰਾਮ ਜੀ ਯੋਜਨਾ ਮਜਦੂਰ ਦੇ ਹਿੱਤਾਂ ਨੂੰ ਸੁਨਿਸਚਿਤ ਕਰਦੇ ਹੋਏ ਪਿੰਡਾਂ ਦੇ ਸਰਵ ਪੱਖੀ ਵਿਕਾਸ ਦੇ ਰਾਹ ਖੋਲੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸਤਿਹਾਰਬਾਜੀ ਵਾਲੇ ਪੈਸੇ ਨੂੰ ਵਿਕਾਸ ਤੇ ਖਰਚ ਕੀਤਾ ਜਾਵੇ ਤਾਂ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਗੰਭੀਰ ਸਥਿਤੀ ‘ਚ ਹੈ। ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ‘ਚ ਆਪਣਾ ਭਵਿੱਖ ਵੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਇਕ ਸਥਿਰ, ਪਾਰਦਰਸ਼ੀ, ਭ੍ਰਿਸ਼ਟਾਚਾਰ ਮੁਕਤ, ਅਮਨ ਸਾਂਤੀ ਤੇ ਭਾਈਚਾਰੇ ਵਾਲਾ ਸੁਸ਼ਾਸਣ ਦੇ ਸਕਦੀ ਹੈ ਅਤੇ ਅਗਲੀਆਂ ਚੋਣਾਂ ‘ਚ ਪੰਜਾਬ ਦੇ ਲੋਕਾਂ ਨੇ ਭਾਜਪਾ ਨਾਲ ਖੜਨ ਦਾ ਮਨ ਬਣਾ ਲਿਆ ਹੈ।
ਇਸ ਤੋਂ ਪਹਿਲਾਂ ਪਾਰਟੀ ਦੇ ਕੌਮੀ ਸਕੱਤਰ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਨਰਿੰਦਰ ਰੈਨਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਆਪ ਦਾ ਇਕ ਮਾਤਰ ਉਦੇਸ਼ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਯੋਜਨਾਵਾਂ ਦਾ ਵਿਰੋਧ ਕਰਨਾ ਅਤੇ ਇਨ੍ਹਾਂ ਦਾ ਲਾਭ ਆਮ ਲੋਕਾਂ ਤੱਕ ਨਾ ਪਹੁੰਚੇ ਇਸ ਲਈ ਕੰਮ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਕੈਗ ਦੀਆਂ ਰਿਪੋਰਟਾਂ ਨੇ ਨਰੇਗਾ ਵਿਚ ਭ੍ਰਿਸ਼ਟਾਚਾਰ ਉਜਾਗਰ ਕੀਤਾ ਸੀ ਅਤੇ ਗਰੀਬ ਦੇ ਪੈਸੇ ਨੂੰ ਕੋਈ ਹੋਰ ਨਾ ਲੁੱਟੇ ਇਸੇ ਲਈ ਯੋਜਨਾ ‘ਚ ਬਦਲਾਅ ਕੀਤਾ ਹੈ।
Read More: ਪੰਜਾਬ ਕਾਂਗਰਸ ਨੇ ‘ਮਨਰੇਗਾ ਬਚਾਓ ਸੰਗਰਾਮ’ ਦੇ ਸ਼ੁਰੂਆਤ ਦੀ ਕੀਤੀ ਅਗਵਾਈ




