ਨੇਪਾਲ, 09 ਸਤੰਬਰ 2025: ਨੇਪਾਲ ‘ਚ ਸੋਸ਼ਲ ਮੀਡੀਆ ‘ਤੇ ਪਾਬੰਦੀ (ਨੂੰ ਲੈ ਕੇ ਸੋਮਵਾਰ ਤੋਂ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਇਸ ‘ਚ ਹੁਣ ਤੱਕ ਕਰੀਬ 20 ਜਣਿਆਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਸਾਬਕਾ ਪ੍ਰਧਾਨ ਮੰਤਰੀਆਂ ਪੁਸ਼ਪ ਕਮਲ ਦਹਲ ਪ੍ਰਚੰਡ ਅਤੇ ਸ਼ੇਰ ਬਹਾਦੁਰ ਦੇਉਬਾ, ਕੱਲ੍ਹ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਰਮੇਸ਼ ਲੇਖਕ ਅਤੇ ਸੰਚਾਰ ਮੰਤਰੀ ਪ੍ਰਿਥਵੀ ਸੁੱਬਾ ਗੁਰੰਗ ਦੇ ਘਰਾਂ ‘ਚ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ।
ਇਸ ਦੌਰਾਨ ਨੇਪਾਲ ਸਰਕਾਰ ‘ਚ ਅਸਤੀਫਿਆਂ ਦਾ ਇੱਕ ਸਿਲਸਿਲਾ ਸ਼ੁਰੂ ਹੋ ਗਿਆ ਹੈ। ਗ੍ਰਹਿ ਮੰਤਰੀ ਰਮੇਸ਼ ਲੇਖਕ ਤੋਂ ਬਾਅਦ, ਖੇਤੀਬਾੜੀ ਮੰਤਰੀ ਰਾਮਨਾਥ ਅਧਿਕਾਰੀ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ। ਕਾਠਮੰਡੂ ਪੋਸਟ ਦੇ ਅਨੁਸਾਰ, ਅਧਿਕਾਰੀ ਨੇ ਕਿਹਾ ਕਿ ਸਵਾਲ ਪੁੱਛਣ ਵਾਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਗਲਤ ਹੈ।
ਸਿਹਤ ਮੰਤਰੀ ਪ੍ਰਦੀਪ ਪੌਡੇਲ ਨੇ ਵੀ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ‘ਚ ਸਰਕਾਰ ‘ਚ ਰਹਿਣ ਦਾ ਕੋਈ ਮਤਲਬ ਨਹੀਂ ਹੈ। ਨੇਪਾਲੀ ਕਾਂਗਰਸ ਦੇ ਜਨਰਲ ਸਕੱਤਰ ਗਗਨ ਥਾਪਾ ਨੇ ਵੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਪ੍ਰਧਾਨ ਮੰਤਰੀ ਓਲੀ ਨੇ ਅੱਜ ਸ਼ਾਮ 6 ਵਜੇ ਇੱਕ ਸਰਬ-ਪਾਰਟੀ ਬੈਠਕ ਬੁਲਾਈ ਹੈ।
ਭਾਰੀ ਦਬਾਅ ਦੇ ਵਿਚਾਲੇ ਨੇਪਾਲ ‘ਚ ਗੱਠਜੋੜ ਸਰਕਾਰ ਟੁੱਟਣ ਦਾ ਖ਼ਤਰਾ ਵੱਧ ਗਿਆ ਹੈ। ਜੁਲਾਈ 2024 ਤੋਂ ਦੇਸ਼ ‘ਚ 88 ਸੀਟਾਂ ਨਾਲ ਸ਼ੇਰ ਬਹਾਦਰ ਦੇਉਬਾ ਦੀ ਨੇਪਾਲੀ ਕਾਂਗਰਸ ਅਤੇ 79 ਸੀਟਾਂ ਨਾਲ ਕੇਪੀ ਸ਼ਰਮਾ ਓਲੀ ਦੀ ਸੀਪੀਐਨ (ਯੂਐਮਐਲ) ਮਿਲ ਕੇ ਸਰਕਾਰ ਚਲਾ ਰਹੀ ਹੈ। ਹੁਣ ਤੱਕ ਸਾਰੇ ਅਸਤੀਫ਼ੇ ਨੇਪਾਲੀ ਕਾਂਗਰਸ ਦੇ ਆਗੂਆਂ ਨੇ ਦਿੱਤੇ ਹਨ।




