Iran-Israel Tension

Iran-Israel Tension: ਆਪ੍ਰੇਸ਼ਨ ਸਿੰਧੂ ਤਹਿਤ ਹੁਣ ਤੱਕ 4,415 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਲਿਆਂਦਾ

ਵਿਦੇਸ਼, 27 ਜੂਨ 2025: ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਵੀਰਵਾਰ ਨੂੰ ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਰਾਹੀਂ ਇਸ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਕਿਹਾ ਕਿ ਉਹ ਮੌਜੂਦਾ ਗੁੰਝਲਦਾਰ ਸਥਿਤੀ ‘ਤੇ ਈਰਾਨ ਦੇ ਨਜ਼ਰੀਏ ਨੂੰ ਸਮਝਦੇ ਹਨ ਅਤੇ ਉਨ੍ਹਾਂ ਦੀ ਸੋਚ ਨੂੰ ਸਮਝਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ‘ਚ ਮੱਦਦ ਕਰਨ ਲਈ ਈਰਾਨ ਦਾ ਧੰਨਵਾਦ ਕੀਤਾ।

ਜਿਕਰਯੋਗ ਹੈ ਕਿ ਈਰਾਨ ਅਤੇ ਇਜ਼ਰਾਈਲ ਵਿਚਕਾਰ ਕਈ ਦਿਨਾਂ ਤੱਕ ਚੱਲੇ ਟਕਰਾਅ ਦੌਰਾਨ, ਭਾਰਤ ਨੇ ਆਪ੍ਰੇਸ਼ਨ ਸਿੰਧੂ ਚਲਾਇਆ ਅਤੇ ਦੋਵਾਂ ਦੇਸ਼ਾਂ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਂਦਾ ਗਿਆ। ਤਾਜ਼ਾ ਜਾਣਕਾਰੀ ਮੁਤਾਬਕ ਆਪ੍ਰੇਸ਼ਨ ਸਿੰਧੂ ਦੇ ਤਹਿਤ, ਈਰਾਨ ਤੋਂ 173 ਭਾਰਤੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਜਹਾਜ਼ ਬੀਤੀ ਦੇਰ ਰਾਤ ਅਰਮੇਨੀਆ ਦੇ ਯੇਰੇਵਨ ਤੋਂ ਨਵੀਂ ਦਿੱਲੀ ਪਹੁੰਚਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਸੋਸ਼ਲ ਮੀਡੀਆ ਪੋਸਟ ‘ਚ ਕਿਹਾ ਕਿ ਹੁਣ ਤੱਕ 19 ਵਿਸ਼ੇਸ਼ ਉਡਾਣਾਂ ਰਾਹੀਂ ਕੁੱਲ 4,415 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ।

ਯੂਰੇਨੀਅਮ ਸੰਸ਼ੋਧਨ ਅਤੇ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਦੇ ਦੋਸ਼ਾਂ ਨੂੰ ਲੈ ਕੇ ਇਜ਼ਰਾਈਲ ਨੇ 13 ਜੂਨ ਨੂੰ ਈਰਾਨ ‘ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ, ਦੋਵਾਂ ਦੇਸ਼ਾਂ ਵਿਚਕਾਰ ਟਕਰਾਅ 12 ਦਿਨਾਂ ਤੱਕ ਜਾਰੀ ਰਿਹਾ। ਦੂਜੇ ਪਾਸੇ 23 ਜੂਨ ਦੀ ਸਵੇਰ ਨੂੰ ਅਮਰੀਕਾ ਨੇ ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ ‘ਤੇ ਵੱਡੇ ਪੱਧਰ ‘ਤੇ ਬੰਬਾਰੀ ਕੀਤੀ। ਇਸ ਤੋਂ ਬਾਅਦ, ਟਕਰਾਅ ਵਧਣ ਦੇ ਡਰ ਦੇ ਵਿਚਕਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਰਾਨੀਜਨਕ ਤੌਰ ‘ਤੇ 24 ਜੂਨ ਨੂੰ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਸਮਝੌਤੇ ਦਾ ਐਲਾਨ ਕੀਤਾ।

ਹਾਲਾਂਕਿ, ਇਹ ਜੰਗਬੰਦੀ ਸਿਰਫ ਕੁਝ ਘੰਟਿਆਂ ਲਈ ਹੀ ਲਾਗੂ ਰਹੀ ਅਤੇ ਦੋਵੇਂ ਧਿਰਾਂ ਇੱਕ ਦੂਜੇ ‘ਤੇ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਇੱਕ ਦੂਜੇ ‘ਤੇ ਹਮਲੇ ਕਰਦੀਆਂ ਰਹੀਆਂ। ਅੰਤ ‘ਚ ਅਮਰੀਕਾ ਦੇ ਦਖਲ ਤੋਂ ਬਾਅਦ ਜੰਗਬੰਦੀ ਕਿਸੇ ਤਰ੍ਹਾਂ ਲਾਗੂ ਹੋ ਗਈ।

Read More: ਈਰਾਨ ਤੇ ਇਜ਼ਰਾਈਲ ਦੋਵਾਂ ਨੇ ਜੰਗਬੰਦੀ ਨਿਯਮਾਂ ਦੀ ਉਲੰਘਣਾ ਕੀਤੀ: ਡੋਨਾਲਡ ਟਰੰਪ

Scroll to Top