ਵਿਦੇਸ਼, 18 ਜੂਨ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ ਹੈ ਜੋ ਕੈਨੇਡਾ ‘ਚ ਹੋਏ G7 ਸੰਮੇਲਨ ਨੂੰ ਅੱਧ ਵਿਚਕਾਰ ਛੱਡ ਕੇ ਅਮਰੀਕਾ ਵਾਪਸ ਪਰਤ ਗਏ ਸਨ। ਦੋਵਾਂ ਆਗੂਆਂ ਵਿਚਾਲੇ ਲਗਭਗ 35 ਮਿੰਟ ਗੱਲਬਾਤ ਹੋਈ। ਇਸ ਦੌਰਾਨ ਅੱ.ਤ.ਵਾ.ਦ ਵਿਰੁੱਧ ਭਾਰਤ ਦੀ ਲੜਾਈ ਅਤੇ ‘ਆਪ੍ਰੇਸ਼ਨ ਸੰਧੂਰ’ ‘ਤੇ ਚਰਚਾ ਕੀਤੀ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਗੁਆਂਢੀ ਦੇਸ਼ ਦੇ ਸੱਦੇ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਆਪਸੀ ਸਹਿਮਤੀ ਨਾਲ ਹੋਈ। ਇਸ ‘ਚ ਕਿਸੇ ਦੀ ਵਿਚੋਲਗੀ ਨਹੀਂ ਹੋਈ ਅਤੇ ਨਾ ਹੀ ਕੋਈ ਵਪਾਰ ਸੌਦਾ ਕੀਤਾ ਗਿਆ। ਇਹ ਗੱਲਬਾਤ ਅਜਿਹੇ ਸਮੇਂ ਹੋਈ ਜਦੋਂ ਪ੍ਰਧਾਨ ਮੰਤਰੀ ਮੋਦੀ ਅੱਜ G7 ‘ਚ ਹਿੱਸਾ ਲੈਣ ਤੋਂ ਬਾਅਦ ਕੈਨੇਡਾ ਤੋਂ ਕਰੋਸ਼ੀਆ ਲਈ ਰਵਾਨਾ ਹੋਏ ਹਨ।
ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕੀਤਾ ਕਿ ਆਪ੍ਰੇਸ਼ਨ ਸੰਧੂਰ ਨਾਲ ਸਬੰਧਤ ਕਿਸੇ ਵੀ ਮਾਮਲੇ ‘ਚ ਵਪਾਰ ਨਾਲ ਸਬੰਧਤ ਕੋਈ ਚਰਚਾ ਨਹੀਂ ਹੋਈ।
ਜੰਗਬੰਦੀ ਸਿਰਫ ਪਾਕਿਸਤਾਨ ਦੇ ਕਹਿਣ ‘ਤੇ ਕੀਤੀ
ਉਨ੍ਹਾਂ ਦੁਹਰਾਇਆ ਕਿ ਭਾਰਤ ਨੇ ਜੰਗਬੰਦੀ ਸਿਰਫ ਪਾਕਿਸਤਾਨ ਦੇ ਕਹਿਣ ‘ਤੇ ਕੀਤੀ ਸੀ। ਭਾਰਤ ਕਦੇ ਵੀ ਕਿਸੇ ਤੀਜੀ ਧਿਰ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕਰਦਾ ਹੈ ਅਤੇ ਭਵਿੱਖ ‘ਚ ਵੀ ਅਜਿਹਾ ਨਹੀਂ ਕਰੇਗਾ।
ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਜ਼ੋਰ ਦਿੱਤਾ ਕਿ ਹੁਣ ਭਾਰਤ ਅੱ.ਤ.ਵਾ.ਦ ਦੀਆਂ ਘਟਨਾਵਾਂ ਨੂੰ ਸਿੱਧੇ ਯੁੱਧ ਵਜੋਂ ਦੇਖੇਗਾ, ਨਾ ਕਿ ਪ੍ਰੌਕਸੀ ਯੁੱਧ ਵਜੋਂ। ਭਾਰਤ ਦਾ ਆਪ੍ਰੇਸ਼ਨ ਸੰਧੂਰ ਅਜੇ ਵੀ ਜਾਰੀ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੱਸੀਆਂ ਗੱਲਾਂ ਨੂੰ ਵਿਸਥਾਰ ਨਾਲ ਸਮਝਿਆ ਅਤੇ ਅੱ.ਤ.ਵਾ.ਦ ਵਿਰੁੱਧ ਭਾਰਤ ਦੀ ਲੜਾਈ ਲਈ ਸਮਰਥਨ ਪ੍ਰਗਟ ਕੀਤਾ।
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ G7 ਦੇ ਮੌਕੇ ‘ਤੇ ਮਿਲਣਾ ਸੀ, ਪਰ ਟਰੰਪ ਨੂੰ 17 ਜੂਨ ਨੂੰ G7 ਛੱਡ ਕੇ ਅਮਰੀਕਾ ਵਾਪਸ ਜਾਣਾ ਪਿਆ। ਇਸ ਕਾਰਨ ਇਹ ਮੁਲਾਕਾਤ ਨਹੀਂ ਹੋ ਸਕੀ। ਵਿਦੇਸ਼ ਸਕੱਤਰ ਨੇ ਕਿਹਾ, ‘ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਕਿ ਕੀ ਉਹ ਕੈਨੇਡਾ ਤੋਂ ਵਾਪਸ ਆਉਂਦੇ ਸਮੇਂ ਅਮਰੀਕਾ ‘ਚ ਰੁਕਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਤੋਂ ਨਿਰਧਾਰਤ ਵਚਨਬੱਧਤਾਵਾਂ ਕਾਰਨ ਅਜਿਹਾ ਕਰਨ ‘ਚ ਅਸਮਰੱਥਾ ਜ਼ਾਹਿਰ ਕੀਤੀ। ਦੋਵਾਂ ਆਗੂਆਂ ਨੇ ਫੈਸਲਾ ਕੀਤਾ ਕਿ ਉਹ ਨੇੜਲੇ ਭਵਿੱਖ ‘ਚ ਮਿਲਣ ਦੀ ਕੋਸ਼ਿਸ਼ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਕਵਾਡ ਦੀ ਅਗਲੀ ਬੈਠਕ ਲਈ ਰਾਸ਼ਟਰਪਤੀ ਟਰੰਪ ਨੂੰ ਭਾਰਤ ਸੱਦਾ ਦਿੱਤਾ। ਸੱਦਾ ਸਵੀਕਾਰ ਕਰਦੇ ਹੋਏ, ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਭਾਰਤ ਆਉਣ ਲਈ ਉਤਸ਼ਾਹਿਤ ਹਨ।
Read More: PM ਮੋਦੀ ਦੇ ਕੈਨੇਡਾ ਪਹੁੰਚਣ ‘ਤੇ ਇੰਡੋ-ਕੈਨੇਡੀਅਨ ਭਾਈਚਾਰੇ ਨੇ ਜਤਾਈ ਇਹ ਉਮੀਦ