ਅਸਾਮ, 03 ਜੂਨ 2025: Assam floods: ਦੇਸ਼ ਦੇ ਉੱਤਰ-ਪੂਰਬੀ ਸੂਬਿਆਂ ‘ਚ 29 ਮਈ ਨੂੰ ਮੌਨਸੂਨ ਪਹੁੰਚ ਗਿਆ ਸੀ। 5 ਦਿਨ ਬਾਅਦ ਵੀ ਮੌਨਸੂਨ ਦਾ ਅਸਰ ਜਾਰੀ ਹੈ | ਮੌਨਸੂਨ 2025 ਕਾਰਨ ਮਣੀਪੁਰ, ਅਸਾਮ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ ਅਤੇ ਸਿੱਕਮ ‘ਚ ਭਾਰੀ ਮੀਂਹ ਪੈ ਰਿਹਾ ਹੈ। ਅੱਜ ਮੱਧ ਪ੍ਰਦੇਸ਼-ਰਾਜਸਥਾਨ ਸਮੇਤ 20 ਸੂਬਿਆਂ ‘ਚ ਮੀਂਹ ਦੀ ਚੇਤਾਵਨੀ ਹੈ।
ਮੌਨਸੂਨ ਦੇ ਮੀਂਹ ਕਾਰਨ ਅਸਾਮ ਦੇ 22 ਜ਼ਿਲ੍ਹਿਆਂ ਦੇ 1254 ਪਿੰਡਾਂ ਦੇ 5.35 ਲੱਖ ਤੋਂ ਵੱਧ ਲੋਕ ਹੜ੍ਹਾਂ (Assam floods) ਤੋਂ ਪ੍ਰਭਾਵਿਤ ਹਨ। ਹੁਣ ਤੱਕ ਹੜ੍ਹਾਂ ਅਤੇ ਜ਼ਮੀਨ ਖਿਸਕਣ ‘ਚ 11 ਜਣਿਆਂ ਦੀ ਮੌਤ ਹੋ ਚੁੱਕੀ ਹੈ। ਲਗਾਤਾਰ ਮੀਂਹ ਕਾਰਨ ਲਗਭਗ 15 ਨਦੀਆਂ ਉਫਾਨ ‘ਚ ਹਨ। ਸੜਕ, ਰੇਲ ਅਤੇ ਕਿਸ਼ਤੀ ਸੇਵਾਵਾਂ ਪ੍ਰਭਾਵਿਤ ਹਨ। ਜਾਣਕਾਰੀ ਮੁਤਾਬਕ ਕਰੀਬ 31 ਹਜ਼ਾਰ ਲੋਕਾਂ ਨੂੰ 165 ਰਾਹਤ ਕੈਂਪਾਂ ‘ਚ ਰੱਖਿਆ ਗਿਆ ਹੈ।
ਇਸਦੇ ਨਾਲ ਹੀ ਉੱਤਰੀ ਸਿੱਕਮ ਦੇ ਲਾਚੇਂਗ-ਚੁੰਗਥਾਂਗ ਕਸਬਿਆਂ ‘ਚ ਜ਼ਮੀਨ ਖਿਸਕਣ ਕਾਰਨ ਫਸੇ 1678 ਸੈਲਾਨੀਆਂ ਨੂੰ ਬਚਾਇਆ ਗਿਆ। 100 ਤੋਂ ਵੱਧ ਸੈਲਾਨੀ ਅਜੇ ਵੀ ਇੱਥੇ ਫਸੇ ਹੋਏ ਹਨ। ਮੰਗਨ ਜ਼ਿਲ੍ਹੇ ‘ਚ ਹੜ੍ਹ ਨੂੰ ਆਫ਼ਤ ਐਲਾਨ ਦਿੱਤਾ ਗਿਆ ਹੈ। 31 ਮਈ ਦੀ ਸ਼ਾਮ ਨੂੰ ਜ਼ਿਲ੍ਹੇ ਦੇ ਛਾਤੇਨ ‘ਚ ਫੌਜੀ ਕੈਂਪ ‘ਚ ਜ਼ਮੀਨ ਖਿਸਕਣ ਕਾਰਨ 3 ਸੈਨਿਕ ਮਾਰੇ ਗਏ ਸਨ। ਇਸਦੇ ਨਾਲ ਹੀ ਲਾਪਤਾ 6 ਸੈਨਿਕਾਂ ਦੀ ਭਾਲ ਜਾਰੀ ਹੈ।
ਇਸਦੇ ਨਾਲ ਹੀ ਬਿਹਾਰ ਦੇ ਸੀਵਾਨ ‘ਚ ਸੋਮਵਾਰ ਨੂੰ ਤੂਫਾਨ ਅਤੇ ਮੀਂਹ ਤੋਂ ਬਾਅਦ ਕੰਧਾਂ ਅਤੇ ਦਰੱਖਤ ਡਿੱਗਣ ਕਾਰਨ ਵੱਖ-ਵੱਖ ਇਲਾਕਿਆਂ ‘ਚ 2 ਔਰਤਾਂ ਸਮੇਤ 7 ਜਣਿਆਂ ਦੀ ਮੌਤ ਹੋ ਗਈ। ਜੈਪੁਰ ‘ਚ ਵੀ ਇੱਕ ਔਰਤ ਦੀ ਕੰਧ ਡਿੱਗਣ ਕਾਰਨ ਜਾਨ ਚਲੀ ਗਈ। ਇਸ ਦੇ ਨਾਲ ਹੀ ਅੱਜ ਮੱਧ ਪ੍ਰਦੇਸ਼ ਦੇ 38 ਜ਼ਿਲ੍ਹਿਆਂ ‘ਚ ਤੂਫਾਨ ਅਤੇ ਮੀਂਹ ਦੀ ਚੇਤਾਵਨੀ ਜਾਰੀ ਹੈ।
ਤ੍ਰਿਪੁਰਾ ਵਿੱਚ ਹੜ੍ਹ ਦੀ ਸਥਿਤੀ ‘ਚ ਸੁਧਾਰ ਹੋਇਆ ਹੈ। ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹਨ। ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ‘ਚ 66 ਰਾਹਤ ਕੈਂਪ ਖੋਲ੍ਹੇ ਗਏ ਹਨ, 2926 ਪਰਿਵਾਰਾਂ ਦੇ 10800 ਤੋਂ ਵੱਧ ਲੋਕ ਇੱਥੇ ਮੌਜੂਦ ਹਨ। ਪੱਛਮੀ ਤ੍ਰਿਪੁਰਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 50 ਰਾਹਤ ਕੈਂਪ ਹਨ।
ਇਸ ਦੌਰਾਨ, ਹਵਾਈ ਸੈਨਾ ਨੇ ਸੋਮਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਬਚਾਅ ਕਾਰਜ ਚਲਾਇਆ। ਹਵਾਈ ਸੈਨਾ ਦੇ ਮੁਤਾਬਕ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ‘ਚ MI-17 ਹੈਲੀਕਾਪਟਰਾਂ ਨਾਲ ਬਚਾਅ ਕਾਰਜ ਚਲਾਏ ਜਾ ਰਹੇ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
Read More: Sikkim Landslide: ਜ਼ਮੀਨ ਖਿਸਕਣ ਕਾਰਨ ਕੁੱਝ ਸੈਨਿਕਾਂ ਸਮੇਤ ਤਿੰਨ ਲੋਕਾਂ ਦੀ ਮੌ.ਤ, 9 ਸੈਨਿਕ ਲਾਪਤਾ