ਬੰਗਲੌਰ, 17 ਮਈ 2025: ਇੰਡੀਅਨ ਪ੍ਰੀਮੀਅਰ ਲੀਗ (IPL 2025) ਦਾ 58ਵਾਂ ਮੈਚ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਬੰਗਲੌਰ ਦੇ ਘਰੇਲੂ ਮੈਦਾਨ ਐਮ ਚਿੰਨਾਸਵਾਮੀ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ।
ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨ ਜਾ ਰਹੀਆਂ ਹਨ। ਇਸ ਸੀਜ਼ਨ ਦਾ ਪਹਿਲਾ ਮੈਚ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ ਅਤੇ ਬੰਗਲੁਰੂ ਨੇ ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਸੀ।
ਇੰਡੀਅਨ ਪ੍ਰੀਮੀਅਰ ਲੀਗ ਦੀ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਮੌਜੂਦ ਆਰਸੀਬੀ (RCB) ਨਾਕਆਊਟ ‘ਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗੀ। ਟੀਮ ਦੇ 11 ਮੈਚਾਂ ‘ਚ 8 ਜਿੱਤਾਂ ਨਾਲ 16 ਅੰਕ ਹਨ। ਹਾਲਾਂਕਿ ਸਿਖਰ ‘ਤੇ ਮੌਜੂਦ ਗੁਜਰਾਤ ਨੇ ਵੀ ਇੰਨੇ ਹੀ ਮੈਚ ਜਿੱਤੇ ਹਨ, ਪਰ ਇਸਦਾ ਨੈੱਟ ਰਨ ਰੇਟ ਬੰਗਲੁਰੂ ਨਾਲੋਂ ਥੋੜ੍ਹਾ ਬਿਹਤਰ ਹੈ। ਕੋਲਕਾਤਾ 12 ‘ਚੋਂ 6 ਮੈਚ ਹਾਰੇ ਹਨ, ਇਹ ਮੈਚ ਪਲੇਆਫ ਦੇ ਮਾਮਲੇ ‘ਚ ਕਰੋ ਜਾਂ ਮਰੋ ਦੀ ਸਥਿਤੀ ਹੈ। ਜੇਕਰ ਟੀਮ ਹਾਰ ਜਾਂਦੀ ਹੈ, ਤਾਂ ਇਹ ਅਧਿਕਾਰਤ ਤੌਰ ‘ਤੇ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਵਾਲੀ ਚੌਥੀ ਟੀਮ ਬਣ ਜਾਵੇਗੀ।
ਆਈਪੀਐਲ ‘ਚ ਹੁਣ ਤੱਕ ਬੰਗਲੁਰੂ ਅਤੇ ਕੋਲਕਾਤਾ ਵਿਚਕਾਰ 36 ਮੈਚ ਖੇਡੇ ਜਾ ਚੁੱਕੇ ਹਨ। ਜਿਨ੍ਹਾਂ ‘ਚੋਂ ਕੋਲਕਾਤਾ ਨੇ 21 ਮੈਚ ਜਿੱਤੇ ਹਨ ਜਦੋਂ ਕਿ ਆਰਸੀਬੀ ਨੇ 15 ਮੈਚ ਜਿੱਤੇ ਹਨ। ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਦੋਵਾਂ ਟੀਮਾਂ ਵਿਚਕਾਰ ਹੁਣ ਤੱਕ 13 ਮੈਚ ਖੇਡੇ ਜਾ ਚੁੱਕੇ ਹਨ। ਇਸ ‘ਚ ਬੰਗਲੁਰੂ ਨੇ ਸਿਰਫ਼ 4 ਮੈਚ ਜਿੱਤੇ ਹਨ ਅਤੇ ਕੋਲਕਾਤਾ ਨੇ 9 ਮੈਚ ਜਿੱਤੇ ਹਨ।
ਬੰਗਲੁਰੂ ਦੀ ਪਿੱਚ ਰਿਪੋਰਟ
ਇਸ ਮੈਚ ‘ਚ ਐਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਹੋਵੇਗੀ, ਪਰ ਮੀਂਹ ਕਾਰਨ ਇਹ ਉਨ੍ਹਾਂ ਲਈ ਚੁਣੌਤੀ ਵੀ ਬਣ ਸਕਦੀ ਹੈ। ਮੈਦਾਨ ਬਾਊਂਡਰੀ ਬਹੁਤ ਛੋਟੀ ਹੈ, ਇਸ ਲਈ ਵੱਡੇ ਸ਼ਾਟ ਮਾਰਨਾ ਆਸਾਨ ਹੋਵੇਗਾ। ਇੱਥੇ ਸਪਿੰਨਰਾਂ ਨੂੰ ਤੇਜ਼ ਗੇਂਦਬਾਜ਼ਾਂ ਨਾਲੋਂ ਜ਼ਿਆਦਾ ਮੱਦਦ ਮਿਲੇਗੀ। ਇਸ ਸਟੇਡੀਅਮ ‘ਚ ਕੁੱਲ 100 ਆਈਪੀਐਲ ਮੈਚ ਖੇਡੇ ਗਏ ਸਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 43 ਮੈਚ ਜਿੱਤੇ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਵੀ 53 ਮੈਚ ਜਿੱਤੇ। 4 ਮੈਚ ਵੀ ਬੇਸਿੱਟਾ ਰਹੇ ਹਨ। ਮੈਦਾਨ ‘ਤੇ ਸਭ ਤੋਂ ਵੱਧ ਟੀਮ ਸਕੋਰ 287/3 ਹੈ, ਜੋ ਸਨਰਾਈਜ਼ਰਜ਼ ਹੈਦਰਾਬਾਦ ਨੇ ਪਿਛਲੇ ਸਾਲ ਰਾਇਲ ਚੈਲੇਂਜਰਜ਼ ਬੰਗਲੌਰ ਵਿਰੁੱਧ ਬਣਾਇਆ ਸੀ।
ਬੰਗਲੌਰ ਦੇ ਮੌਸਮ ਰਿਪੋਰਟ
ਸ਼ਨੀਵਾਰ ਨੂੰ ਬੰਗਲੌਰ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਬੰਗਲੁਰੂ ‘ਚ 17 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ 84 ਫੀਸਦੀ ਤੱਕ ਹੈ। ਅੱਜ ਦਿਨ ਭਰ ਬੱਦਲਵਾਈ ਰਹੇਗੀ ਅਤੇ ਕਾਫ਼ੀ ਗਰਮੀ ਵੀ ਰਹੇਗੀ। ਤਾਪਮਾਨ 22 ਤੋਂ 31 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿਣ ਦੀ ਉਮੀਦ ਹੈ।
Read More: PBKS ਬਨਾਮ DC: ਜੈਪੁਰ ‘ਚ ਪੰਜਾਬ ਕਿੰਗਜ਼ ਦਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ ਦੁਬਾਰਾ ਮੁਕਾਬਲਾ