Harpal Singh Cheema

ਪੰਜਾਬ ਸਰਕਾਰ ਨੇ 1549 ਕਰੋੜ ਰੁਪਏ ਦੇ ਜਾਅਲੀ ਲੈਣ-ਦੇਣ ਦਾ ਕੀਤਾ ਪਰਦਾਫਾਸ਼: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 12 ਮਈ 2025: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਦੇ ਕਰ ਵਿਭਾਗ ਦੇ ਜਾਂਚ ਵਿੰਗਾਂ ਨੇ ਮੌਜੂਦਾ ਵਿੱਤੀ ਸਾਲ ‘ਚ 1,549 ਕਰੋੜ ਰੁਪਏ ਦੇ ਜਾਅਲੀ ਬਿਲਿੰਗ ਜਾਂ ਕਾਗਜ਼ੀ ਲੈਣ-ਦੇਣ ਦਾ ਪਤਾ ਲਗਾਇਆ ਹੈ ਅਤੇ 108.79 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਇਨਪੁੱਟ ਟੈਕਸ ਕ੍ਰੈਡਿਟ (ITC) ਦਾਅਵਿਆਂ ਨੂੰ ਰੋਕਿਆ ਗਿਆ ਹੈ।

ਪੰਜਾਬ ਭਵਨ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਭਾਗ ਨੇ ਲੁਧਿਆਣਾ ਵਿੱਚ ਸੋਨੇ ਦੇ ਲੈਣ-ਦੇਣ ਵਿੱਚ 900 ਕਰੋੜ ਰੁਪਏ ਦੇ ਜਾਅਲੀ ਇਨਵੌਇਸਾਂ ਦਾ ਪਰਦਾਫਾਸ਼ ਕੀਤਾ ਹੈ ਅਤੇ 21 ਕਰੋੜ ਰੁਪਏ ਦੇ ਆਈ.ਟੀ.ਸੀ. ਨੂੰ ਬਲੌਕ ਕੀਤਾ ਹੈ।

ਇਸ ਤੋਂ ਇਲਾਵਾ, ਮੋਹਾਲੀ, ਖਰੜ ਅਤੇ ਕੋਟ ਕਪੂਰਾ ਵਿੱਚ ਕੋਲੇ ਦੇ ਲੈਣ-ਦੇਣ ‘ਚ 226 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਇਨਵੌਇਸਾਂ ਦਾ ਪਤਾ ਲੱਗਣ ਤੋਂ ਬਾਅਦ 12 ਕਰੋੜ ਰੁਪਏ ਦੀ ਆਈ.ਟੀ.ਸੀ. ਨੂੰ ਬਲੌਕ ਕਰ ਦਿੱਤਾ ਗਿਆ’। ਇਨਫੋਰਸਮੈਂਟ ਦੀਆਂ ਹੋਰ ਕਾਰਵਾਈਆਂ ਦੇ ਨਤੀਜੇ ਵਜੋਂ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ‘ਚ ਕੁੱਲ 423 ਕਰੋੜ ਰੁਪਏ ਦੇ ਜਾਅਲੀ ਲੈਣ-ਦੇਣ ਦਾ ਪਤਾ ਲੱਗਿਆ ਅਤੇ 75.79 ਕਰੋੜ ਰੁਪਏ ਦੇ ਆਈ.ਟੀ.ਸੀ. ਨੂੰ ਰੋਕਿਆ ਗਿਆ। ਇੱਕ ਹੋਰ ਵੱਡੀ ਜ਼ਬਤੀ ‘ਚ ਅਧਿਕਾਰੀਆਂ ਨੇ ਰਾਂਚੀ ਤੋਂ ਲੁਧਿਆਣਾ ਜਾ ਰਹੇ ਇੱਕ ਵਾਹਨ ਨੂੰ ਰੋਕਿਆ ਜੋ ਬਿਨਾਂ ਚਲਾਨ ਦੇ 2 ਕਿਲੋ ਸੋਨਾ ਲੈ ਕੇ ਜਾ ਰਿਹਾ ਸੀ ਅਤੇ ਇਸ ਮਾਮਲੇ ਦੀ ਜਾਂਚ ਇਸ ਸਮੇਂ ਜਾਰੀ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ 19 ਮਈ ਨੂੰ ਚਲਾਈ ਇਤਿਹਾਸਕ ਰਾਜ-ਵਿਆਪੀ ਮੁਹਿੰਮ ਤਹਿਤ, 195 ਜੀਐਸਟੀ-ਰਜਿਸਟਰਡ ਫਰਮਾਂ ਦੀ ਤਸਦੀਕ ਕੀਤੀ , ਜਿਨ੍ਹਾਂ ‘ਚ 156 ਕੇਂਦਰੀ-ਰਜਿਸਟਰਡ ਫਰਮਾਂ ਅਤੇ 39 ਰਾਜ-ਰਜਿਸਟਰਡ ਫਰਮਾਂ ਸ਼ਾਮਲ ਸਨ, ਜਿਸ ਨਾਲ 423 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਕਾਗਜ਼ੀ ਲੈਣ-ਦੇਣ ਦਾ ਪਤਾ ਲਗਾਇਆ ਅਤੇ 75.79 ਕਰੋੜ ਰੁਪਏ ਦੇ ਆਈਟੀਸੀ ਨੂੰ ਬਲੌਕ ਕੀਆ ਗਿਆ। ਇਨ੍ਹਾ ‘ਚ ਜ਼ਿਆਦਾਤਰ ਲੁਧਿਆਣਾ ‘ਚ 100 ਫਰਮਾਂ ਅਤੇ ਮੰਡੀ ਗੋਬਿੰਦਗੜ੍ਹ 72 ਫਰਮਾਂ ‘ਚ ਸਨ।

ਜੀਐਸਟੀ ਸ਼ਾਸਨ ਅਧੀਨ ਪੰਜਾਬ ਦੀਆਂ ਮਹੱਤਵਪੂਰਨ ਲਾਗੂ ਕਰਨ ਵਾਲੀਆਂ ਕਾਰਵਾਈਆਂ ਨੂੰ ਉਜਾਗਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿਭਾਗ ਨੇ ਮਹੱਤਵਪੂਰਨ ਗ੍ਰਿਫ਼ਤਾਰੀਆਂ ਕੀਤੀਆਂ ਹਨ, ਇਸ ‘ਚ ਇੱਕ ਹਾਈ-ਪ੍ਰੋਫਾਈਲ ਕੇਸ ‘ਚ ਇੱਕ ਵਿਅਕਤੀ ਨੂੰ 29.50 ਕਰੋੜ ਰੁਪਏ ਦੇ ਜਾਅਲੀ ਇਨਵੌਇਸਾਂ ਅਤੇ ਧੋਖਾਧੜੀ ਵਾਲੇ ਆਈਟੀਸੀ ਦਾਅਵਿਆਂ ਦੇ ਰੈਕੇਟ ਦੇ ਮੁੱਖ ਮੁਲਜ਼ਮ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ। ਉਕਤ ਫਰਮ ਨੇ ਵਿੱਤੀ ਸਾਲਾਂ 2023-24 ਅਤੇ 2024-25 ‘ਚ 60 ਤੋਂ ਵੱਧ ਜਾਅਲੀ ਅਤੇ ਰੱਦ ਕੀਤੀਆਂ ਫਰਮਾਂ ਤੋਂ 163 ਕਰੋੜ ਰੁਪਏ ਦੀ ਇਨਵਰਡ ਸਪਲਾਈ ਕੀਤੀ ਸੀ।

ਵਿੱਤ ਮੰਤਰੀ (Harpal Singh Cheema) ਨੇ ਇਨ੍ਹਾਂ ਇਨਫੋਰਸਮੈਂਟ ਮੁਹਿੰਮਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਈਆਈਟੀ ਹੈਦਰਾਬਾਦ ਨਾਲ ਹੋਏ ਸਮਝੌਤੇ ਤਹਿਤ ਵਿਭਾਗ ਦੁਆਰਾ ਵਿਕਸਤ ਕੀਤੇ 15 ਮਾਡਿਊਲਾਂ ਅਤੇ ‘ਬਿੱਲ ਲਾਓ, ਇਨਾਮ ਪਾਓ’ ਸਕੀਮ ਤੋਂ ਪ੍ਰਾਪਤ ਮਹੱਤਵਪੂਰਨ ਇਨਪੁਟਸ ਨੂੰ ਸਿਹਰਾ ਦਿੱਤਾ।

ਉਨ੍ਹਾਂ ਐਲਾਨ ਕੀਤਾ ਕਿ ਅਜਿਹੇ ਸੱਤ ਹੋਰ ਮਾਡਿਊਲ ਜਲਦੀ ਹੀ ਸਰਗਰਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 4880 ਖਪਤਕਾਰਾਂ ਨੇ ਪੰਜਾਬ ਸਰਕਾਰ ਦੀ ਮੇਰਾ ਬਿੱਲ ਐਪ ‘ਤੇ ਆਪਣੇ ਖਰੀਦ ਬਿੱਲ ਅਪਲੋਡ ਕਰਕੇ ਸਮੂਹਿਕ ਤੌਰ ‘ਤੇ 2,89,15,295 ਰੁਪਏ ਜਿੱਤੇ ਹਨ। ਇਸਦੇ ਨਾਲ ਹੀ ਜੀਐਸਟੀ ਐਕਟ ਅਧੀਨ ਜਮ੍ਹਾਂ ਕੀਤੇ ਬਿੱਲਾਂ ‘ਚ ਪਾਈਆਂ ਖ਼ਾਮੀਆਂ ਕਾਰਨ ਕੁੱਲ 9,07,06,102 ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ 7,20,92,230 ਰੁਪਏ ਦੀ ਰਕਮ ਸਫਲਤਾਪੂਰਵਕ ਵਸੂਲ ਕੀਤੀ ਹੈ।

ਪੰਜਾਬ ਵਿੱਤ ਮੰਤਰੀ ਨੇ ਜੀਐਸਟੀ ਸੰਗ੍ਰਹਿ ‘ਚ ਸਾਲ-ਦਰ-ਸਾਲ ਵਾਧੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਾਨ ਸਰਕਾਰ ਨੇ 3 ਸਾਲਾਂ ‘ਚ 62,733 ਕਰੋੜ ਰੁਪਏ ਇਕੱਤਰ ਕੀਤੇ ਗਏ ਹਨ। ਦੂਜੇ ਪਾਸੇ ਕਾਂਗਰਸ ਦੀ ਸੂਬਾ ਸਰਕਾਰ ਨੇ ਪੰਜ ਸਾਲਾਂ ‘ਚ 63,042 ਕਰੋੜ ਰੁਪਏ ਇਕੱਠੇ ਕੀਤੇ ਸਨ | ਉਨ੍ਹਾਂ ਉਨ੍ਹਾਂ ਕਿਹਾ ਕਿ ਜਦੋਂ ਕਿ ‘ਆਪ’ ਸਰਕਾਰ ਨੇ ਕਾਰੋਬਾਰੀ ਵਿਕਾਸ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਜਾਂਚ ਲਾਗੂ ਕੀਤੀ ਹੈ, ਪਿਛਲੀਆਂ ਸਰਕਾਰਾਂ ਨੇ ਸਿਰਫ਼ ਆਪਣੇ ਲਈ ਦੌਲਤ ਇਕੱਠੀ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਸੀ।

Read More: ਪੰਜਾਬ ਦਾ ਪਾਣੀ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾ ਸਕਦਾ: ਹਰਪਾਲ ਸਿੰਘ ਚੀਮਾ

Scroll to Top