ਚੰਡੀਗੜ, 2 ਮਈ 2025: ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (PM Shahbaz Sharif) ਦੇ ਅਧਿਕਾਰਤ ਯੂਟਿਊਬ ਚੈਨਲ ਨੂੰ ਭਾਰਤ ‘ਚ ਬਲੌਕ ਕਰ ਦਿੱਤਾ ਹੈ। ਸ਼ਾਹਬਾਜ਼ ਸ਼ਰੀਫ ਦਾ ਚੈਨਲ ਹੁਣ ਤੱਕ ਦਾ ਸਭ ਤੋਂ ਹਾਈ-ਪ੍ਰੋਫਾਈਲ ਅਕਾਊਂਟ ਹੈ, ਜਿਸਨੂੰ ਭਾਰਤ ਸਰਕਾਰ ਦੁਆਰਾ ਬਲੌਕ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਤ ਮੰਤਰੀ ਖਵਾਜਾ ਆਸਿਫ ਅਤੇ ਫੌਜ ਦੇ ਮੀਡੀਆ ਵਿੰਗ ਆਈਐਸਪੀਆਰ ਦੇ ਅਕਾਊਂਟ ਵੀ ਬਲੌਕ ਕੀਤੇ ਜਾ ਚੁੱਕੇ ਹਨ।
ਸਰਕਾਰ ਨੇ ਨਾ ਸਿਰਫ਼ ਸਿਆਸਤਦਾਨਾਂ ਵਿਰੁੱਧ, ਸਗੋਂ ਪਾਕਿਸਤਾਨੀ ਖਿਡਾਰੀਆਂ, ਸੋਸ਼ਲ ਮੀਡੀਆ ਪ੍ਰਭਾਵਕਾਂ ਅਤੇ ਨਿਊਜ਼ ਚੈਨਲਾਂ ਦੇ ਅਕਾਊਂਟ ‘ਤੇ ਵੀ ਕਾਰਵਾਈ ਕੀਤੀ ਹੈ। ਭਾਰਤ ਸਰਕਾਰ ਨੇ ਇਹ ਕਦਮ ਪਾਕਿਸਤਾਨ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਪ੍ਰਚਾਰ ਨੂੰ ਰੋਕਣ ਲਈ ਚੁੱਕੇ ਹਨ।
ਜਿਕਰਯੋਗ ਹੈ ਕਿ 22 ਅਪ੍ਰੈਲ ਨੂੰ ਅੱ.ਤ.ਵਾ.ਦੀ.ਆਂ ਨੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪਹਿਲਗਾਮ ‘ਤੇ ਹਮਲਾ ਕੀਤਾ। ਇਸ ਹਮਲੇ ‘ਚ 26 ਨਾਗਰਿਕ ਮਾਰੇ ਗਏ ਸਨ। ਉਨ੍ਹਾਂ ‘ਚੋਂ ਜ਼ਿਆਦਾਤਰ ਸੈਲਾਨੀ ਸਨ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਈ ਪਾਕਿਸਤਾਨੀ ਯੂਟਿਊਬ ਚੈਨਲਾਂ ਅਤੇ ਸੋਸ਼ਲ ਮੀਡੀਆ ਖਾਤਿਆਂ ਨੂੰ ਬਲਾਕ ਕਰਨ ਦੇ ਹੁਕਮ ਦਿੱਤੇ ਹਨ, ਜੋ ਭਾਰਤ ਦੀ ਪ੍ਰਭੂਸੱਤਾ ਅਤੇ ਜਨਤਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਲਈ ਗੁੰਮਰਾਹਕੁੰਨ ਸਮੱਗਰੀ ਫੈਲਾ ਰਹੇ ਹਨ। ਇਸ ਤੋਂ ਇਲਾਵਾ ਦੁਨੀਆ ਮੇਰੇ ਆਗੇ, ਗੁਲਾਮ ਨਬੀ ਮਦਨੀ, ਹਕੀਕਤ ਟੀਵੀ ਅਤੇ ਹਕੀਕਤ ਟੀਵੀ 2.0 ਵਰਗੇ ਚੈਨਲਾਂ ਨੂੰ ਵੀ ਭਾਰਤ ‘ਚ ਬਲੌਕ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, 30 ਅਪ੍ਰੈਲ ਨੂੰ, ਪਾਕਿਸਤਾਨੀ ਅਦਾਕਾਰਾਵਾਂ ਹਨੀਆ ਆਮਿਰ ਅਤੇ ਮਾਹਿਰਾ ਖਾਨ ਦੇ ਇੰਸਟਾਗ੍ਰਾਮ ਪ੍ਰੋਫਾਈਲ ਵੀ ਭਾਰਤ ‘ਚ ਬਲੌਕ ਕਰ ਦਿੱਤੇ ਸਨ।
Read More: ਪਾਕਿਸਤਾਨ ਸਰਕਾਰ ਸ਼ਿਮਲਾ ਸਮਝੌਤਾ ਕਰ ਸਕਦੀ ਹੈ ਰੱਦ, ਕੀ ਹੈ ਸ਼ਿਮਲਾ ਸਮਝੌਤਾ ?