ਦਿੱਲੀ, 23 ਅਪ੍ਰੈਲ 2025: ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਵਾਹਨਾਂ ਕਾਰਨ ਵੱਧ ਰਹੇ ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹਾਲ ਹੀ ‘ਚ ਇੱਕ ਨਵਾਂ ਵਿਚਾਰ ਪੇਸ਼ ਕੀਤਾ ਹੈ। ਨਿਤਿਨ ਗਡਕਰੀ ਨੇ ਕਿਹਾ ਹੈ ਕਿ ਉਹ ਇੱਕ ਅਜਿਹਾ ਕਾਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੇ ਹਨ ਜੋ ਵਾਹਨਾਂ ਦੇ ਉੱਚੇ ਅਤੇ ਤਿੱਖੇ ਹਾਰਨਾਂ ਨੂੰ ਭਾਰਤੀ ਸੰਗੀਤ ਯੰਤਰਾਂ ਦੀ ਸੁਰੀਲੀ ਆਵਾਜ਼ ਨਾਲ ਬਦਲ ਦੇਵੇਗਾ। ਦਿੱਲੀ ‘ਚ ਹਾਲ ਹੀ ‘ਚ ਹੋਏ ਇੱਕ ਸਮਾਗਮ ‘ਚ ਬੋਲਦਿਆਂ ਨਿਤਿਨ ਗਡਕਰੀ ਨੇ ਕਿਹਾ ਕਿ ਭਵਿੱਖ ‘ਚ, ਵਾਹਨਾਂ ਦੇ ਹਾਰਨਾਂ ਤੋਂ ਬੰਸਰੀ, ਤਬਲਾ, ਵਾਇਲਨ ਅਤੇ ਹਾਰਮੋਨੀਅਮ ਵਰਗੀਆਂ ਸੁਹਾਵਣੀਆਂ ਆਵਾਜ਼ਾਂ ਸੁਣਾਈ ਦੇ ਸਕਦੀਆਂ ਹਨ।
ਗਡਕਰੀ (Nitin Gadkari) ਨੇ ਇਸ ਪਹਿਲਕਦਮੀ ਦੇ ਪਿੱਛੇ ਦਾ ਕਾਰਨ ਵੀ ਦੱਸਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਕਿ ਸੜਕਾਂ ਦੇ ਕਿਨਾਰੇ ਸ਼ੋਰ ਪ੍ਰਦੂਸ਼ਣ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਲੋਕਾਂ ਨੂੰ ਸ਼ਹਿਰੀ ਵਾਤਾਵਰਣ ‘ਚ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਹੁਣ ਸ਼ੋਰ ਪ੍ਰਦੂਸ਼ਣ ਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਕੇਂਦਰੀ ਮੰਤਰੀ ਦਾ ਮੰਨਣਾ ਹੈ ਕਿ ਇੱਕ ਸ਼ਾਂਤ ਅਤੇ ਸਿਹਤਮੰਦ ਵਾਤਾਵਰਣ ਸ਼ਹਿਰਾਂ ਨੂੰ ਰਹਿਣ ਯੋਗ ਬਣਾਏਗਾ।
ਨਿਤਿਨ ਗਡਕਰੀ ਨੇ ਇਹ ਵੀ ਕਿਹਾ ਕਿ ਭਾਰਤ ‘ਚ ਲਗਭਗ 40 ਪ੍ਰਤੀਸ਼ਤ ਹਵਾ ਪ੍ਰਦੂਸ਼ਣ ਆਵਾਜਾਈ ਖੇਤਰ ਤੋਂ ਆਉਂਦਾ ਹੈ। ਇਸ ਕਾਰਨ ਕਰਕੇ, ਸਰਕਾਰ ਗ੍ਰੀਨ ਮੋਬਿਲਿਟੀ ਯਾਨੀ ਵਾਤਾਵਰਣ-ਅਨੁਕੂਲ ਆਵਾਜਾਈ ਦੇ ਸਾਧਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ‘ਚ ਈਥਾਨੌਲ ਅਤੇ ਮੀਥੇਨੌਲ ਵਰਗੇ ਬਾਇਓ-ਫਿਊਲ ‘ਤੇ ਚੱਲਣ ਵਾਲੇ ਵਾਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਵਾਜਾਈ ਦੇ ਵਿਕਲਪਾਂ ‘ਤੇ ਕੰਮ ਕਰ ਰਹੀ ਹੈ ਜੋ ਵਾਤਾਵਰਣ ਸੰਬੰਧੀ ਟੀਚਿਆਂ ਦੇ ਅਨੁਸਾਰ ਹਨ।
ਗਡਕਰੀ ਨੇ ਭਾਰਤ ਦੇ ਆਟੋਮੋਬਾਈਲ ਸੈਕਟਰ ਦੀ ਤੇਜ਼ੀ ਨਾਲ ਵਧ ਰਹੀ ਤਾਕਤ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ 2014 ‘ਚ ਭਾਰਤੀ ਆਟੋ ਸੈਕਟਰ ਦਾ ਮੁੱਲ ਲਗਭਗ 14 ਲੱਖ ਕਰੋੜ ਰੁਪਏ ਸੀ, ਜੋ ਅੱਜ ਵਧ ਕੇ 22 ਲੱਖ ਕਰੋੜ ਰੁਪਏ ਹੋ ਗਿਆ ਹੈ। ਇੰਨਾ ਹੀ ਨਹੀਂ, ਭਾਰਤ ਨੇ ਜਾਪਾਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋਮੋਬਾਈਲ ਬਾਜ਼ਾਰ ਬਣਨ ਦਾ ਮਾਣ ਵੀ ਹਾਸਲ ਕਰ ਲਿਆ ਹੈ, ਜੋ ਹੁਣ ਸਿਰਫ਼ ਅਮਰੀਕਾ ਅਤੇ ਚੀਨ ਤੋਂ ਪਿੱਛੇ ਹੈ।
Read More: New projects himachal: ਵਿਕਰਮਾਦਿੱਤਿਆ ਸਿੰਘ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਸ਼ਿਵਰਾਜ ਚੌਹਾਨ ਨਾਲ ਕਰਨਗੇ ਮੁਲਾਕਾਤ