ਚੰਡੀਗੜ੍ਹ, 20 ਅਪ੍ਰੈਲ 2025: CSK ਬਨਾਮ MI: IPL-2025 ਦੇ ਦੂਜੇ ਮੈਚ ‘ਚ ਮੁੰਬਈ ਇੰਡੀਅਨਜ਼ (MI) ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ (CSK) ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।
ਜੇਕਰ ਚੇਨਈ ਸੁਪਰ ਕਿੰਗਜ਼ ਅੱਜ ਹਾਰ ਜਾਂਦੀ ਹੈ, ਤਾਂ ਉਨ੍ਹਾਂ ਦੇ ਪਲੇਆਫ ‘ਚ ਪਹੁੰਚਣ ਦੇ ਮੌਕੇ ਘੱਟ ਜਾਣਗੇ। ਟੀਮ 7 ‘ਚੋਂ ਸਿਰਫ਼ 2 ਮੈਚ ਹੀ ਜਿੱਤ ਸਕੀ ਹੈ। ਇਸ ਦੇ ਨਾਲ ਹੀ ਚੇਨਈ ਨੂੰ 5 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਜੇਕਰ ਮੁੰਬਈ ਇੰਡੀਅਨਜ਼ ਹਾਰ ਜਾਂਦੀ ਹੈ, ਤਾਂ ਉਨ੍ਹਾਂ ਦਾ ਰਸਤਾ ਵੀ ਮੁਸ਼ਕਿਲ ਹੋ ਜਾਵੇਗਾ। ਮੁੰਬਈ ਨੇ 7 ‘ਚੋਂ 3 ਮੈਚ ਜਿੱਤੇ ਹਨ ਅਤੇ 4 ਹਾਰੇ ਹਨ।
ਇਸ ਦੇ ਨਾਲ ਹੀ ਪਹਿਲੇ ਮੈਚ ‘ਚ ਪੰਜਾਬ ਕਿੰਗਜ਼ (PBKS) ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਇੱਕ ਦੂਜੇ ਦਾ ਸਾਹਮਣਾ ਕਰਨਗੇ। ਇਹ ਮੈਚ ਪੰਜਾਬ ਦੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਸਟੇਡੀਅਮ ‘ਚ ਦੁਪਹਿਰ 3:30 ਵਜੇ ਭਾਰਤੀ ਸਮੇਂ ਅਨੁਸਾਰ ਖੇਡਿਆ ਜਾਵੇਗਾ।
ਆਈਪੀਐਲ ‘ਚ ਹੁਣ ਤੱਕ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਕੁੱਲ 40 ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚੋਂ ਮੁੰਬਈ ਨੇ 21 ਮੈਚ ਜਿੱਤੇ ਹਨ। ਜਦੋਂ ਕਿ ਚੇਨਈ ਦੀ ਟੀਮ ਨੇ 19 ‘ਚ ਜਿੱਤ ਪ੍ਰਾਪਤ ਕੀਤੀ ਹੈ। ਦੋਵੇਂ ਟੀਮਾਂ ਨੇ 5-5 ਖਿਤਾਬ ਜਿੱਤੇ ਹਨ। ਮੁੰਬਈ ਦੇ ਘਰੇਲੂ ਮੈਦਾਨ ‘ਤੇ ਚੇਨਈ ਦਾ ਰਿਕਾਰਡ ਮਾੜਾ ਹੈ। ਇੱਥੇ ਦੋਵੇਂ ਟੀਮਾਂ 12 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਇਸ ‘ਚ ਮੁੰਬਈ ਨੇ 7 ਵਾਰ ਅਤੇ ਚੇਨਈ ਨੇ 5 ਵਾਰ ਜਿੱਤ ਪ੍ਰਾਪਤ ਕੀਤੀ।
ਵਾਨਖੇੜੇ ਦੀ ਪਿੱਚ ਰਿਪੋਰਟ
ਵਾਨਖੇੜੇ ਦੀ ਪਿੱਚ ਆਮ ਤੌਰ ‘ਤੇ ਬੱਲੇਬਾਜ਼ਾਂ ਲਈ ਵਧੇਰੇ ਮਦਦਗਾਰ ਸਾਬਤ ਹੁੰਦੀ ਹੈ। ਇੱਥੇ ਉੱਚ ਸਕੋਰਿੰਗ ਮੈਚ ਦੇਖੇ ਜਾ ਸਕਦੇ ਹਨ। ਹੁਣ ਤੱਕ ਇੱਥੇ 119 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 55 ਮੈਚਾਂ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ, ਜਦੋਂ ਕਿ ਪਿੱਛਾ ਕਰਨ ਵਾਲੀ ਟੀਮ 64 ਮੈਚਾਂ ‘ਚ ਜਿੱਤੀ ਹੈ। ਇੱਥੇ ਸਭ ਤੋਂ ਵੱਧ ਟੀਮ ਸਕੋਰ 235/1 ਹੈ, ਜੋ ਰਾਇਲ ਚੈਲੇਂਜਰਜ਼ ਬੰਗਲੌਰ ਨੇ 2015 ਦੇ ਸੀਜ਼ਨ ‘ਚ ਮੁੰਬਈ ਇੰਡੀਅਨਜ਼ ਵਿਰੁੱਧ ਬਣਾਇਆ ਸੀ।
ਮੌਸਮ ਦੇ ਹਾਲਾਤ
ਐਤਵਾਰ ਨੂੰ ਮੁੰਬਈ ‘ਚ ਮੌਸਮ ਚੰਗਾ ਰਹੇਗਾ ਅਤੇ ਅੱਜ ਇੱਥੇ ਬਹੁਤ ਧੁੱਪ ਰਹੇਗੀ। ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਤਾਪਮਾਨ 20 ਤੋਂ 36 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਹਵਾ ਦੀ ਗਤੀ 17 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ।
Read More: PBKS ਬਨਾਮ RCB: ਮੁੱਲਾਂਪੁਰ ਵਿਖੇ ਅੱਜ ਪੰਜਾਬ ਕਿੰਗਜ਼ ਤੇ ਰਾਇਲ ਚੈਲੇਂਜਰਜ਼ ਬੰਗਲੁਰੂ ਆਹਮੋ-ਸਾਹਮਣੇ