Vigilance Bureau

ਵਿਜੀਲੈਂਸ ਬਿਊਰੋ ਵੱਲੋਂ ਪੁਲਿਸ ਕਾਂਸਟੇਬਲ 60 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰ

ਚੰਡੀਗੜ੍ਹ, 15 ਅਪ੍ਰੈਲ 2025: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਮੰਗਲਵਾਰ ਨੂੰ ਸੀਆਈਏ-2 ਸਟਾਫ, ਅੰਮ੍ਰਿਤਸਰ ‘ਚ ਤਾਇਨਾਤ ਕਾਂਸਟੇਬਲ ਆਦਰਸ਼ਦੀਪ ਸਿੰਘ ਨੂੰ 60,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਅੰਮ੍ਰਿਤਸਰ ਦੇ ਇੱਕ ਨਿਵਾਸੀ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤ ਦੇ ਮੁਤਾਬਕ ਮੁਲਜ਼ਮ ਕਾਂਸਟੇਬਲ ਨੇ ਆਪਣੇ ਗੁਆਂਢੀ ਕਿਸ਼ਨ ਕੁਮਾਰ ਵਿਰੁੱਧ ਐਫਆਈਆਰ ਦਰਜ ਨਾ ਕਰਨ ਦੇ ਬਦਲੇ 60 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ |
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦਾ ਗੁਆਂਢੀ ਕਿਸ਼ਨ ਕੁਮਾਰ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਸੀ ਪਰ ਪੁਲਿਸ ਦੀ ਸਖ਼ਤ ਨਿਗਰਾਨੀ ਅਤੇ ਕਾਰਵਾਈ ਕਾਰਨ, ਉਹ ਸੁਧਰ ਗਿਆ ਅਤੇ ਹੁਣ ਇੱਕ ਪ੍ਰਾਈਵੇਟ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਹੈ। ਸੀਆਈਏ-2, ਅੰਮ੍ਰਿਤਸਰ ਦੇ ਪੁਲਿਸ ਮੁਲਾਜ਼ਮਾਂ ਨੇ ਕ੍ਰਿਸ਼ਨ ਕੁਮਾਰ ਦੇ ਘਰ ਛਾਪਾ ਮਾਰਿਆ, ਪਰ ਉਨ੍ਹਾਂ ਨੂੰ ਉੱਥੇ ਕੁਝ ਵੀ ਗੈਰ-ਕਾਨੂੰਨੀ ਨਹੀਂ ਮਿਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਪੁਲਿਸ ਕਰਮਚਾਰੀ ਪਹਿਲਾਂ ਹੀ 50,000 ਰੁਪਏ ਰਿਸ਼ਵਤ ਲੈ ਚੁੱਕਾ ਹੈ ਤੇ ਬਾਕੀ ਰਕਮ ਦੀ ਮੰਗ ਕਰ ਰਿਹਾ ਹੈ।

ਵਿਜੀਲੈਂਸ (Vigilance Bureau) ਦੇ ਮੁਤਾਬਕ ਜਾਂਚ ਦੌਰਾਨ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸੱਚ ਪਾਏ ਗਏ। ਇਸ ਤੋਂ ਬਾਅਦ ਉਕਤ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਅੰਮ੍ਰਿਤਸਰ ਰੇਂਜ ਥਾਣੇ ‘ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਨੂੰ ਕੱਲ੍ਹ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Read More: Vigilance Bureau: ਵਿਜੀਲੈਂਸ ਬਿਊਰੋ ਨੇ ਡਰਿੱਲ ਅਫ਼ਸਰ ਲਈ ਰਿਸ਼ਵਤ ਲੈਂਦਾ ਹੌਲਦਾਰ ਕੀਤਾ ਕਾਬੂ

Scroll to Top