ਚੰਡੀਗੜ੍ਹ, 24 ਮਾਰਚ 2025: ਦਿੱਲੀ ਹਾਈ ਕੋਰਟ (Delhi High Court) ਨੇ ਇੱਕ ਮਹੱਤਵਪੂਰਨ ਨੋਟਿਸ ਜਾਰੀ ਕਰਦਿਆਂ ਜਸਟਿਸ ਯਸ਼ਵੰਤ ਵਰਮਾ (Justice Yashwant Verma) ਤੋਂ ਤੁਰੰਤ ਪ੍ਰਭਾਵ ਨਾਲ ਨਿਆਂਇਕ ਕੰਮ ਵਾਪਸ ਲੈ ਲਿਆ ਗਿਆ ਹੈ। ਇਹ ਜਾਣਕਾਰੀ ਦਿੱਲੀ ਹਾਈ ਕੋਰਟ ਵੱਲੋਂ 24 ਮਾਰਚ, 2025 ਨੂੰ ਜਾਰੀ ਕੀਤੀ ਇੱਕ ਪੂਰਕ ਕੇਸ ਸੂਚੀ ‘ਚ ਦਿੱਤੀ। ਨੋਟਿਸ ‘ਚ ਕਿਹਾ ਗਿਆ ਹੈ ਕਿ ਹਾਲੀਆ ਘਟਨਾਕ੍ਰਮ ਦੇ ਮੱਦੇਨਜ਼ਰ, ਜਸਟਿਸ ਯਸ਼ਵੰਤ ਵਰਮਾ ਦਾ ਨਿਆਂਇਕ ਕੰਮ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਂਦਾ ਹੈ।
ਜਿਕਰਯੋਗ ਹੈ ਕਿ 22 ਮਾਰਚ ਨੂੰ ਸੁਪਰੀਮ ਕੋਰਟ ਨੇ ਜਸਟਿਸ ਵਰਮਾ ਦੇ ਘਰ ਤੋਂ ਵੱਡੀ ਮਾਤਰਾ ‘ਚ ਨਕਦੀ ਦੀ ਬਰਾਮਦਗੀ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀਕੇ ਉਪਾਧਿਆਏ ਦੀ ਜਾਂਚ ਰਿਪੋਰਟ ਆਪਣੀ ਵੈੱਬਸਾਈਟ ‘ਤੇ ਅਪਲੋਡ ਕੀਤੀ। ਜਿਸ ‘ਚ ਫੋਟੋਆਂ ਅਤੇ ਵੀਡੀਓ ਵੀ ਸ਼ਾਮਲ ਸਨ। ਰਿਪੋਰਟਾਂ ਮੁਤਾਬਕ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਇਹ ਕਾਰਵਾਈ ਸੀਜੇਆਈ ਦੇ ਨਿਰਦੇਸ਼ਾਂ ‘ਤੇ ਕੀਤੀ ਹੈ।
ਜਦੋਂ ਕਿ ਦੂਜੇ ਪਾਸੇ ਜਸਟਿਸ ਵਰਮਾ (Justice Yashwant Verma) ਨੇ ਕਰੰਸੀ ਰਿਕਵਰੀ ਵਿਵਾਦ ‘ਚ ਦੋਸ਼ਾਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹ ਨੇ ਜਾਂ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਕਦੇ ਵੀ ਉਸਦੀ ਰਿਹਾਇਸ਼ ਦੇ ਸਟੋਰਰੂਮ ‘ਚ ਕੋਈ ਨਕਦੀ ਨਹੀਂ ਰੱਖੀ। ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਦਿੱਤੇ ਆਪਣੇ ਜਵਾਬ ‘ਚ ਜਸਟਿਸ ਵਰਮਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਰਿਹਾਇਸ਼ ਤੋਂ ਨਕਦੀ ਬਰਾਮਦਗੀ ਦਾ ਦੋਸ਼ ਸਪੱਸ਼ਟ ਤੌਰ ‘ਤੇ ਉਨ੍ਹਾਂ ਨੂੰ ਫਸਾਉਣ ਅਤੇ ਬਦਨਾਮ ਕਰਨ ਦੀ ਸਾਜ਼ਿਸ਼ ਜਾਪਦਾ ਹੈ।
Read More: ਦਿੱਲੀ ਹਾਈ ਕੋਰਟ ਦੇ ਜੱਜ ਦੇ ਘਰ ਨਗਦੀ ਦੀਆਂ ਤਸਵੀਰਾਂ ਆਈਆਂ ਸਾਹਮਣੇ