ਚੰਡੀਗੜ੍ਹ, 22 ਮਾਰਚ 2025: ਅਬੋਹਰ (Abohar) ਇਲਾਕੇ ਦੇ ਪਿੰਡ ਸੀਡ ਫਾਰਮ ‘ਚ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਘਰ ‘ਚ ਅੱਗ ਲੱਗ ਗਈ। ਇਸ ਘਟਨਾ ‘ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਦੇ ਸਮੇਂ ਔਰਤ ਆਪਣੇ ਬੱਚਿਆਂ ਨਾਲ ਗੁਆਂਢੀ ਦੇ ਘਰ ਗਈ ਹੋਈ ਸੀ। ਗੁਆਂਢੀਆਂ ਨੇ ਸੋਨੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ‘ਚੋਂ ਧੂੰਆਂ ਨਿਕਲ ਰਿਹਾ ਹੈ, ਜਦੋਂ ਉਹ ਮੌਕੇ ‘ਤੇ ਪਹੁੰਚੀ ਤਾਂ ਅੱਗ ਫੈਲ ਚੁੱਕੀ ਸੀ।
ਗਰੀਬ ਮਜ਼ਦੂਰ ਦੇ ਘਰ ‘ਚ ਰੱਖੇ ਦੋ ਮੰਜੇ, ਇੱਕ ਸਾਈਕਲ ਅਤੇ ਹੋਰ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ (Abohar) ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਹਾਦਸੇ ‘ਚ ਗਰੀਬ ਪਰਿਵਾਰ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪਰਿਵਾਰ ਨੇ ਅੱਗ ਕਾਰਨ ਹੋਏ ਨੁਕਸਾਨ ਲਈ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਜਦੋਂ ਇਸ ਸਬੰਧੀ ਫਾਇਰ ਬ੍ਰਿਗੇਡ ਅਧਿਕਾਰੀ ਵਰਿੰਦਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀ ਜਾਣਕਾਰੀ ਦੁਪਹਿਰ ਵੇਲੇ ਮਿਲੀ ਸੀ। ਰਿਪੋਰਟ ਤਿਆਰ ਕਰਨ ਤੋਂ ਬਾਅਦ, ਅਸੀਂ ਇਸਨੂੰ ਪੁਲਿਸ ਨੂੰ ਦੇ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੂੰ ਵੀ ਭੇਜ ਦਿੱਤਾ ਹੈ।
Read More: Ludhiana: ਲੁਧਿਆਣਾ ਦੀ ਧਾਗਾ ਫੈਕਟਰੀ ਲੱਗੀ ਭਿਆਨਕ ਅੱ.ਗ, ਲੱਖਾਂ ਰੁਪਏ ਦਾ ਧਾਗਾ ਸੜ ਕੇ ਸੁਆਹ