ਪਟਿਆਲਾ, 22 ਮਾਰਚ 2025: ਪੰਜਾਬ ‘ਚ ਫੌਜ ਦੇ ਸਾਬਕਾ ਕਰਨਲ ਪੁਸ਼ਪਿੰਦਰ ਸਿੰਘ ਬਾਠ ’ਤੇ ਹੋਏ ਹਮਲੇ ਦਾ ਮਾਮਲਾ ਭਖਿਆ ਹੋਇਆ ਹੈ | ਇਸ ਦੌਰਾਨ ਪਟਿਆਲਾ ਮੀਡੀਆ ਕਲੱਬ (Patiala Media Club) ਵੱਲੋਂ ਸਾਬਕਾ ਕਰਨਲ ਪੁਸ਼ਪਿੰਦਰ ਸਿੰਘ ਬਾਠ ’ਤੇ ਹੋਏ ਹਮਲੇ ਮਾਮਲੇ ‘ਚ ਡਿਪਟੀ ਕਮਿਸ਼ਨਰ ਦੇ ਬਾਹਰ ਧਰਨੇ ‘ਚ ਮੀਡੀਆ ਨਾਲ ਹੋਈ ਬਦਸਲੂਕੀ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ | ਪਟਿਆਲਾ ਮੀਡੀਆ ਕਲੱਬ ਨੇ ਸਾਬਕਾ ਨੂੰ ਕਰਨਲ ਦੀ ਪਤਨੀ ਜਸਵਿੰਦਰ ਕੌਰ ਬਾਠ ਨੂੰ ਵੀ ਸਲਾਹ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਭਾਸ਼ਾ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ |
ਪਟਿਆਲਾ ਮੀਡੀਆ ਕਲੱਬ (Patiala Media Club) ਨੇ ਇਸ ਸੰਬੰਧੀ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਲੱਬ ਦੇ ਪ੍ਰਧਾਨ ਨਵਦੀਪ ਢੀਂਗਰਾ ਤੇ ਸਮੂਹ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਜਸਵਿੰਦਰ ਕੌਰ ਬਾਠ ਇੱਕ ਪਾਸੇ ਤਾਂ ਪ੍ਰੈਸ ਵਾਰਤਾਂਵਾਂ ਕਰ ਕੇ ਆਪਣੇ ਪਤੀ ਲਈ ਇਨਸਾਫ਼ ਮੰਗ ਰਹੇ ਹਨ ਅਤੇ ਮੀਡੀਆ ‘ਚ ਮਾਮਲਾ ਆਉਣ ਸਦਕਾ ਹੀ ਪੰਜਾਬ ਪੁਲਿਸ ਨੂੰ ਪਰਚਾ ਦਰਜ ਕਰਨਾ ਪਿਆ ਹੈ, ਪਰ ਦੂਜੇ ਪਾਸੇ ਉਹ ਮੀਡੀਆ ਲਈ ਹੀ ਇਤਰਾਜ਼ਯੋਗ ਸ਼ਬਦਾਵਲੀ ਵਰਤ ਰਹੇ ਹਨ, ਜੋ ਕਿ ਅਤਿ ਨਿੰਦਣਯੋਗ ਹੈ |
ਪਟਿਆਲਾ ਮੀਡੀਆ ਕਲੱਬ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ, ਉਨ੍ਹਾਂ ਕਿਹਾ ਕਿ ਇਨਸਾਫ਼ ਦੀ ਲੜਾਈ ‘ਚ ਮੀਡੀਆ ਦਾ ਸਾਥ ਮਿਲਣਾ ਵੱਖਰੀ ਗੱਲ ਹੈ ਤੇ ਸਾਥ ਲੈਣ ਮਗਰੋਂ ਮੀਡੀਆ ਨੂੰ ਭੰਡਣਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਬੀਬੀ ਜਸਵਿੰਦਰ ਕੌਰ ਬਾਠ ਤੇ ਉਹਨਾਂ ਦੇ ਸਾਥੀਆਂ ਨੂੰ ਮੀਡੀਆ ਨਾਲ ਬਦਸਲੂਕੀ ਤੇ ਉਨ੍ਹਾਂ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।