ਚੰਡੀਗੜ੍ਹ, 21 ਮਾਰਚ 2025: ਭਲਕੇ ਤੋਂ ਇੰਡੀਅਨ ਪ੍ਰੀਮਿਅਰ ਲੀਗ 2025 (IPL 2025) ਦੀ ਸ਼ੁਰੂਆਤ ਹੋਣ ਜਾ ਰਹੀ ਹੈ | ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਲਖਨਊ ਸੁਪਰ ਜਾਇੰਟਸ (LSG) ਦੇ ਮੈਚ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ | ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਲਖਨਊ ਸੁਪਰ ਜਾਇੰਟਸ (ਐਲਐਸਜੀ) ਵਿਚਕਾਰ 6 ਅਪ੍ਰੈਲ, ਰਾਮ ਨੌਮੀ ਨੂੰ ਹੋਣ ਵਾਲਾ ਆਈਪੀਐਲ ਮੈਚ ਸੁਰੱਖਿਆ ਕਾਰਨਾਂ ਕਰਕੇ ਕੋਲਕਾਤਾ ਤੋਂ ਗੁਹਾਟੀ ਤਬਦੀਲ ਕਰ ਦਿੱਤਾ ਗਿਆ ਹੈ।
ਪੱਛਮੀ ਬੰਗਾਲ ਪੁਲਿਸ ਨੇ ਕਿਹਾ ਕਿ ਰਾਮ ਨੌਮੀ ‘ਤੇ ਵੱਖ-ਵੱਖ ਮੰਦਰਾਂ ‘ਚ ਸਮਾਗਮ ਕਰਵਾਏ ਜਾਂਦੇ ਹਨ ਅਤੇ ਸੋਭਾ ਯਾਤਰਾ ਕੱਢੀ ਜਾਂਦੀ ਹੈ । ਅਜਿਹੀ ਸਥਿਤੀ ‘ਚ ਅਸੀਂ ਮੈਚ ਲਈ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਾਂਗੇ। ਬੰਗਾਲ ਕ੍ਰਿਕਟ ਐਸੋਸੀਏਸ਼ਨ (CAB) ਨੇ ਵੀਰਵਾਰ ਨੂੰ ਮੈਚ ਨੂੰ ਬਦਲਣ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਬੀਸੀਸੀਆਈ ਨੇ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਪਿਛਲੇ ਸਾਲ ਵੀ ਰਾਮ ਨੌਮੀ ਕਾਰਨ ਮੈਚ ਈਡਨ ਗਾਰਡਨ ਤੋਂ ਤਬਦੀਲ ਕਰ ਦਿੱਤਾ ਗਿਆ ਸੀ। ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (CAB) ਦੇ ਪ੍ਰਧਾਨ ਸਨੇਹਾਸ਼ੀਸ਼ ਗਾਂਗੁਲੀ ਨੇ ਕਿਹਾ, ਅਸੀਂ ਪੁਲਿਸ ਨਾਲ ਦੋ ਮੀਟਿੰਗਾਂ ਕੀਤੀਆਂ ਪਰ ਮੈਚ ਲਈ ਹਰੀ ਝੰਡੀ ਨਹੀਂ ਮਿਲ ਸਕੀ। ਸੁਰੱਖਿਆ ਦੀ ਘਾਟ ਕਾਰਨ ਮੈਚ ‘ਚ 65,000 ਦਰਸ਼ਕਾਂ ਦੀ ਭੀੜ ਨੂੰ ਸੰਭਾਲਣਾ ਮੁਸ਼ਕਿਲ ਹੋਵੇਗਾ। ਇਸ ਲਈ ਮੈਚ ਹੁਣ ਗੁਹਾਟੀ ‘ਚ ਤਬਦੀਲ ਕੀਤਾ ਜਾਵੇਗਾ।
ਇਸ ਸੀਜ਼ਨ ਦੇ ਆਈਪੀਐਲ (IPL 2025) ਦੇ 2 ਮੈਚ ਪਹਿਲਾਂ ਹੀ ਗੁਹਾਟੀ ‘ਚ ਹੋਣੇ ਤੈਅ ਹਨ। ਇੱਥੋਂ ਦਾ ਬਾਰਸਾਪਾਰਾ ਸਟੇਡੀਅਮ ਰਾਜਸਥਾਨ ਰਾਇਲਜ਼ ਟੀਮ ਦਾ ਦੂਜਾ ਘਰੇਲੂ ਮੈਦਾਨ ਹੈ। ਟੀਮ ਇੱਥੇ 26 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ 30 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ। ਇਸ ਮੈਚ ਤੋਂ ਸਿਰਫ਼ 6 ਦਿਨ ਬਾਅਦ, ਗੁਹਾਟੀ ਵਿੱਚ ਕੋਲਕਾਤਾ ਅਤੇ ਲਖਨਊ ਵਿਚਕਾਰ ਇੱਕ ਮੁੜ ਸ਼ਡਿਊਲ ਕੀਤਾ ਮੈਚ ਖੇਡਿਆ ਜਾਵੇਗਾ।
Read More: IPL 2025 Schedule: ਇੰਡੀਅਨ ਪ੍ਰੀਮੀਅਰ ਲੀਗ 2025 ਦਾ ਪੂਰਾ ਸ਼ਡਿਊਲ