ਚੰਡੀਗੜ੍ਹ, 29 ਅਕਤੂਬਰ 2024: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Sheikh Hasina) ਦੀ ਸਿਆਸੀ ਪਾਰਟੀ ਅਵਾਮੀ ਲੀਗ ‘ਤੇ ਪਾਬੰਦੀ ਲਾਉਣ ਦੀ ਮੰਗ ਵਾਲੀ ਪਟੀਸ਼ਨ ਵਾਪਸ ਲੈ ਲਈ ਹੈ। ਇਹ ਪਟੀਸ਼ਨ ਭੇਦਭਾਵ ਵਿਰੋਧੀ ਵਿਦਿਆਰਥੀ ਅੰਦੋਲਨ ਦੇ ਆਗੂਆਂ ਸਰਜੀਸ ਆਲਮ, ਹਸਨਤ ਅਬਦੁੱਲਾ ਅਤੇ ਹਸੀਬੁਲ ਇਸਲਾਮ ਦੀ ਤਰਫੋਂ ਬੀਤੇ ਦਿਨ ਸੋਮਵਾਰ ਨੂੰ ਢਾਕਾ ਹਾਈ ਕੋਰਟ ‘ਚ ਦਾਇਰ ਕੀਤੀ ਗਈ ਸੀ।
ਜਿਕਰਯੋਗ ਹੈ ਕਿ ਸ਼ੇਖ ਹਸੀਨਾ (Sheikh Hasina) ਨੂੰ ਕਥਿਤ ਭੇਦਭਾਵ ਵਿਰੋਧੀ ਵਿਦਿਆਰਥੀ ਪ੍ਰਦਰਸ਼ਨਾਂ ਕਾਰਨ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਪਟੀਸ਼ਨ ‘ਚ ਅਵਾਮੀ ਲੀਗ ਸਮੇਤ 10 ਹੋਰ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਢਾਕਾ ਹਾਈ ਕੋਰਟ ‘ਚ ਦਾਇਰ ਇਕ ਹੋਰ ਪਟੀਸ਼ਨ ‘ਚ ਸਾਲ 2014, 2018 ਅਤੇ 2024 ‘ਚ ਹੋਈਆਂ ਆਮ ਚੋਣਾਂ ਦੀ ਵੈਧਤਾ ‘ਤੇ ਵੀ ਸਵਾਲ ਉਠਾਇਆ ਸੀ। ਸ਼ੇਖ ਹਸੀਨਾ ਦੀ ਪਾਰਟੀ ਨੇ ਇਹ ਚੋਣਾਂ ਜਿੱਤੀਆਂ ਸਨ।
ਮੁੱਖ ਵਿਰੋਧੀ ਪਾਰਟੀ ਬੀਐਨਪੀ ਨੇ 2024 ਦੀਆਂ ਚੋਣਾਂ ਦਾ ਬਾਈਕਾਟ ਕੀਤਾ ਸੀ। ਇਹ ਪਟੀਸ਼ਨ ਵੀ ਮੰਗਲਵਾਰ ਨੂੰ ਵਾਪਸ ਲੈ ਲਈ ਗਈ ਸੀ। ਢਾਕਾ ਹਾਈ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਮੰਗਲਵਾਰ ਨੂੰ ਦੋਵਾਂ ਪਟੀਸ਼ਨਾਂ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਸੀ, ਪਰ ਅਦਾਲਤੀ ਕਾਰਵਾਈ ਸ਼ੁਰੂ ਹੁੰਦੇ ਹੀ ਇਨ੍ਹਾਂ ਨੂੰ ਵਾਪਸ ਲੈ ਲਿਆ ਗਿਆ।
ਜਿਕਰਯੋਗਗ ਹੈ ਕਿ ਬੰਗਲਾਦੇਸ਼ ‘ਚ ਇਸ ਸਾਲ ਜੁਲਾਈ ‘ਚ ਸ਼ੇਖ ਹਸੀਨਾ ਦੀ ਪਿਛਲੀ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਹੋਏ ਸਨ। ਇਸ ਤੋਂ ਬਾਅਦ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਰਤ ਆ ਗਈ। ਬੰਗਲਾਦੇਸ਼ ‘ਚ ਸਰਕਾਰ ਵਿਰੁੱਧ ਪ੍ਰਦਰਸ਼ਨਾਂ ‘ਚ ਇਕ ਹਜ਼ਾਰ ਤੋਂ ਵੱਧ ਵਿਅਕਤੀ ਮਾਰੇ ਗਏ ਸਨ। ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਬੰਗਲਾਦੇਸ਼ ‘ਚ 8 ਅਗਸਤ ਨੂੰ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਮੁਹੰਮਦ ਯੂਨਸ ਦੀ ਅਗਵਾਈ ਵਿੱਚ ਇੱਕ ਅੰਤਰਿਮ ਸਰਕਾਰ ਬਣਾਈ ਗਈ ਸੀ, ਜੋ ਇਸ ਸਮੇਂ ਬੰਗਲਾਦੇਸ਼ ਦਾ ਪ੍ਰਬੰਧ ਚਲਾ ਰਹੀ ਹੈ |