ਚੰਡੀਗੜ੍ਹ, 18 ਅਕਤੂਬਰ 2024: ਭਾਰਤੀ ਚੋਣ ਕਮਿਸ਼ਨ (Election Commission of India) 2024 ਦੌਰਾਨ ਵੋਟਰ ਸਿੱਖਿਆ ਅਤੇ ਚੋਣ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਮੀਡੀਆ ਹਾਊਸਾਂ ਦੇ ਸ਼ਾਨਦਾਰ ਯਤਨਾਂ ਨੂੰ ਮਾਨਤਾ ਦੇਣ ਦੇ ਲਈ ਵਿਸ਼ੇਸ਼ ਮੀਡੀਆ ਪੁਰਸਕਾਰਾਂ ਦੇਵੇਗਾ | ਇਹ ਐਲਾਨ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਹੈ।
ਚੋਣ ਕਮਿਸ਼ਨ ਮੁਤਾਬਕ ਇਹ ਪੁਰਸਕਾਰ ਉਨ੍ਹਾਂ ਮੁਹਿੰਮਾਂ ਦੇ ਸਨਮਾਨ ਵਜੋਂ ਦਿੱਤਾ ਜਾਵੇਗਾ, ਜਿਨ੍ਹਾਂ ਨੇ ਵੋਟਿੰਗ ਪ੍ਰਕਿਰਿਆ, ਵੋਟਿੰਗ ਨਾਲ ਸਬੰਧਤ “ਆਈ. ਟੀ. ਐਪਲੀਕੇਸ਼ਨਾਂ ਨੇ ਹੋਰ ਮੁੱਖ ਚੋਣ ਵਿਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਕੇ ਵੋਟਰਾਂ ਦੀ ਭਾਗੀਦਾਰੀ ਵਧਾਉਣ ‘ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਹ ਪੁਰਸਕਾਰ ਇੱਕ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਰੂਪ ‘ਚ ਹੋਵੇਗਾ, ਜੋ ਕਿ ਰਾਸ਼ਟਰੀ ਵੋਟਰ ਦਿਹਾੜੇ 25 ਜਨਵਰੀ 2025 ਨੂੰ ਦਿੱਤਾ ਜਾਵੇਗਾ।
ਇਸ ਬਾਰੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਇਹ ਪੁਰਸਕਾਰ ਚਾਰ ਸ਼੍ਰੇਣੀਆਂ ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ ਅਤੇ ਆਨਲਾਈਨ/ਸੋਸ਼ਲ ਮੀਡੀਆ ‘ਚ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਪੁਰਸਕਾਰਾਂ ਦਾ ਮੁਲਾਂਕਣ ਵੋਟਰ ਜਾਗਰੂਕਤਾ ਮੁਹਿੰਮਾਂ ਦੀ ਗੁਣਵੱਤਾ, ਪੇਸ਼ ਕੀਤੀ ਗਈ ਜਾਣਕਾਰੀ ਦੀ ਭਰੋਸੇਯੋਗਤਾ ਅਤੇ ਮੁਹਿੰਮ ਦੇ ਘੇਰੇ ਦੇ ਆਧਾਰ ‘ਤੇ ਹੋਵੇਗਾ।
ਭਾਰਤ ਦੇ ਚੋਣ ਕਮਿਸ਼ਨ (Election Commission of India) ਮੁਤਾਬਕ “ਅਸੀਂ ਉਨ੍ਹਾਂ ਮੁਹਿੰਮਾਂ ਦੀ ਤਲਾਸ਼ ਕਰ ਰਹੇ ਹਾਂ ਜੋ ਨਿਰਪੱਖ ਵੋਟਿੰਗ ਦੇ ਮਹੱਤਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰਨ, ਆਈਟੀ ਨਵੀਨਤਾਵਾਂ ਦੀ ਸਭਿਅਕ ਵਰਤੋਂ ਅਤੇ ਗਲਤ ਜਾਂ ਗੁਮਰਾਹਕੁੰਨ ਜਾਣਕਾਰੀ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਜਨਤਕ ਜਾਗਰੂਕਤਾ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ।”
ਹਰੇਕ ਸ਼੍ਰੇਣੀ ਲਈ ਮੁੱਖ ਸ਼ਰਤਾਂ ਇੱਕ ਬੁਲਾਰੇ ਦੁਆਰਾ ਵਿਸਤ੍ਰਿਤ ਕੀਤੀਆਂ ਗਈਆਂ ਹਨ, ਜੋ ਕਿ ਹੇਠ ਅਨੁਸਾਰ ਹੈ |
ਪ੍ਰਿੰਟ ਮੀਡੀਆ: ਐਂਟਰੀਆਂ ਭੇਜਣ ਵੇਲੇ ਕੀਤੇ ਕੰਮ ਦੇ ਪੂਰੇ ਵੇਰਵੇ, ਪ੍ਰਕਾਸ਼ਿਤ ਲੇਖਾਂ ਦੀ ਗਿਣਤੀ, ਕੁੱਲ ਪ੍ਰਿੰਟ ਖੇਤਰ ਅਤੇ ਜਨਤਕ ਭਾਗੀਦਾਰੀ ਦੀਆਂ ਗਤੀਵਿਧੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਸੰਬੰਧਿਤ ਲੇਖਾਂ ਦੀ ਇੱਕ ਸਾਫਟ ਕਾਪੀ, ਵੈਬ ਲਿੰਕ ਜਾਂ ਹਾਰਡ ਕਾਪੀ ਵੀ ਪ੍ਰਦਾਨ ਕੀਤੀਆਂ ਜਾਣ |
‘ਟੈਲੀਵਿਜ਼ਨ ਅਤੇ ਰੇਡੀਓ:’ ਐਂਟਰੀਆਂ ਨੂੰ ਸੀਡੀ, ਡੀਵੀਡੀ, ਜਾਂ ਪੈਨ ਡਰਾਈਵ ਦੁਆਰਾ ਡਾਟਾ ਪ੍ਰਦਾਨ ਕਰਨਾ ਚਾਹੀਦਾ ਹੈ, ਜਿਸ ‘ਚ ਮਿਆਦ, ਨਿਰੰਤਰਤਾ ਅਤੇ ਕੁੱਲ ਪ੍ਰਸਾਰਣ ਸਮੇਂ ਦੇ ਵੇਰਵੇ ਸ਼ਾਮਲ ਹਨ। ਸਿੱਧੀ ਜਨਤਕ ਭਾਗੀਦਾਰੀ ਵਰਗੀਆਂ ਹੋਰ ਗਤੀਵਿਧੀਆਂ ਨੂੰ ਵੀ ਉਜਾਗਰ ਕੀਤਾ ਜਾਣਾ ਚਾਹੀਦਾ ਹੈ।
Read More: ਕੇਂਦਰ ਸਰਕਾਰ ਵੱਲੋਂ ਉੱਤਰੀ ਪਟਿਆਲਾ ਬਾਈਪਾਸ ਪ੍ਰਾਜੈਕਟ ਲਈ 1255.59 ਕਰੋੜ ਰੁਪਏ ਮਨਜ਼ੂਰ
‘ਆਨਲਾਈਨ/ਸੋਸ਼ਲ ਮੀਡੀਆ: ਸੰਬੰਧਿਤ ਲਿੰਕ ਜਾਂ PDF ਫਾਈਲਾਂ ਦੇ ਨਾਲ ਪੋਸਟਾਂ, ਬਲੌਗ, ਟਵੀਟ ਜਾਂ ਮੁਹਿੰਮਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਮੁਹਿੰਮ ਦੇ ਪ੍ਰਭਾਵ ਦੇ ਨਾਲ, ਵਾਧੂ ਗਤੀਵਿਧੀਆਂ ਦਾ ਵਿਸਤ੍ਰਿਤ ਵੇਰਵਾ ਵੀ ਦਿੱਤਾ ਜਾਣਾ ਚਾਹੀਦਾ ਹੈ |
ਸਾਰੀਆਂ ਐਂਟਰੀਆਂ 2024 ਦੌਰਾਨ ਪ੍ਰਕਾਸ਼ਿਤ, ਪ੍ਰਸਾਰਣ ਜਾਂ ਪੋਸਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅੰਗਰੇਜ਼ੀ ਜਾਂ ਹਿੰਦੀ ਤੋਂ ਇਲਾਵਾ ਹੋਰ ਭਾਸ਼ਾਵਾਂ ‘ਚ ਐਂਟਰੀਆਂ ‘ਚ ਅੰਗਰੇਜ਼ੀ ਅਨੁਵਾਦ ਸ਼ਾਮਲ ਹੋਣਾ ਚਾਹੀਦਾ ਹੈ। ਐਂਟਰੀਆਂ ‘ਚ 10 ਦਸੰਬਰ 2024 ਤੱਕ ਮੀਡੀਆ ਹਾਊਸ ਦਾ ਨਾਮ, ਪਤਾ ਅਤੇ ਸੰਪਰਕ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ |
ਇਹ ਰਾਜੇਸ਼ ਕੁਮਾਰ ਸਿੰਘ, ਅੰਡਰ ਸੈਕਟਰੀ (ਸੰਚਾਰ) ਭਾਰਤੀ ਚੋਣ ਕਮਿਸ਼ਨ, ਨਿਰਵਚਨ ਸਦਨ, ਅਸ਼ੋਕਾ ਰੋਡ, ਨਵੀਂ ਦਿੱਲੀ-110001 ਦੇ ਪਤੇ ‘ਤੇ ਜਮ੍ਹਾ ਕਰਵਾਏ ਜਾ ਸਕਦੇ ਹਨ। ਈਮੇਲ media-division@eci.gov.in ਹੈ।
ਪੰਜਾਬ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਚੋਣ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਲਈ ਮੀਡੀਆ ਹਾਊਸਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਦੀਆਂ ਚੋਣਾਂ ਦੌਰਾਨ ਆਪਣਾ ਯੋਗਦਾਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।