ਚੰਡੀਗੜ੍ਹ, 08 ਅਕਤੂਬਰ 2024: ਜਲੰਧਰ (Jalandhar) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਸਬਾ ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਨੇੜੇ ਪੰਜਾਬ ਪੁਲਿਸ ਦੇ ਦੋ ASI ਦੀਆਂ ਮ੍ਰਿਤਕ ਦੇਹਾਂ ਸ਼ੱਕੀ ਹਲਾਤਾਂ ‘ਚ ਮਿਲੀਆਂ ਹਨ | ਇਸ ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ | ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਚੋਰੀ ਦੇ ਮੁਲਜ਼ਮ ਨੂੰ ਫੜਨ ਲਈ ਨਿਕਲੇ ਸਨ, ਜਿਸ ਤੋਂ ਬਾਅਦ ਇਨ੍ਹਾਂ ਮੁਲਾਜਮਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਦੋਵਾਂ ਮੁਲਾਜਮਾਂ ਦੀਆਂ ਲਾਸ਼ਾਂ ਸੋਮਵਾਰ ਦੇਰ ਰਾਤ ਰੇਲਵੇ ਸਟੇਸ਼ਨ ਨੇੜਿਓਂ ਬਰਾਮਦ ਹੋਈਆਂ।
ਜਾਣਕਾਰੀ ਮੁਤਾਬਕ ਦੋਵੇਂ ਏਐਸਆਈ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਇਨ੍ਹਾਂ ਦੀ ਪਛਾਣ ਏਐਸਆਈ ਪ੍ਰੀਤਮ ਦਾਸ ਅਤੇ ਜੀਵਨ ਲਾਲ ਵਜੋਂ ਹੋਈ ਹੈ। ਉਹ ਕਪੂਰਥਲਾ ਪੁਲਿਸ ‘ਚ ਤਾਇਨਾਤ ਸੀ। ਜਲੰਧਰ ਜੀਆਰਪੀ ਸਟੇਸ਼ਨ ਦੀ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਸ ਘਟਨਾ ਸੰਬੰਧੀ ਸਟੇਸ਼ਨ ਮਾਸਟਰ ਨਰੇਸ਼ ਰਾਜੂ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਵੀ ਆਪਣੀ ਡਿਊਟੀ ‘ਤੇ ਸਨ। ਉਹ ਅਜੇ ਆਪਣੇ ਕਮਰੇ ਤੋਂ ਬਾਹਰ ਨਿਕਲਿਆ ਹੀ ਸੀ ਕਿ ਉਸ ਨੇ ਖੁਰਦਪੁਰ ਸਟੇਸ਼ਨ ‘ਤੇ ਬਣ ਰਹੀ ਇਮਾਰਤ ਦੇ ਕੋਲ ਕੁਝ ਪਿਆ ਦੇਖਿਆ। ਨੇੜੇ ਜਾ ਕੇ ਦੇਖਿਆ ਕਿ ਦੋ ਵਿਅਕਤੀਆਂ ਦੀਆਂ ਲਾਸ਼ਾਂ ਸਨ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਥਾਣਾ ਆਦਮਪੁਰ ਨੂੰ ਦਿੱਤੀ । ਇਸ ਤੋਂ ਬਾਅਦ ਥਾਣਾ ਆਦਮਪੁਰ ਅਤੇ ਜੀਆਰਪੀ ਪੁਲਿਸ ਦੀਆਂ ਟੀਮਾਂ ਜਾਂਚ ਲਈ ਪੁੱਜੀਆਂ। ਪੁਲਿਸ ਨੇ ਤੁਰੰਤ ਦੇਰ ਰਾਤ ਮਾਮਲੇ ‘ਚ ਫੋਰੈਂਸਿਕ ਟੀਮ ਨੂੰ ਬੁਲਾਇਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।