Air India Express

ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨਜ਼ ਨੇ ਸਮੂਹਿਕ ਛੁੱਟੀ ‘ਤੇ ਜਾਣ ਵਾਲੇ 25 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

ਚੰਡੀਗੜ੍ਹ, 09 ਮਈ 2024: ਏਅਰ ਇੰਡੀਆ ਐਕਸਪ੍ਰੈਸ (Air India Express) ਏਅਰਲਾਈਨਜ਼ ਨੇ ਸਮੂਹਿਕ ਛੁੱਟੀ ‘ਤੇ ਜਾਣ ਵਾਲੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਰੁਖ ਅਖਤਿਆਰ ਕਰਦੇ ਹੋਏ 25 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਕੁਝ ਨੂੰ ਅਲਟੀਮੇਟਮ ਦਿੱਤਾ ਗਿਆ ਹੈ । ਸੂਤਰਾਂ ਮੁਤਾਬਕ ਜਿਨ੍ਹਾਂ ਮੁਲਾਜ਼ਮਾਂ ਨੂੰ ਕੱਢਿਆ ਗਿਆ ਹੈ, ਉਨ੍ਹਾਂ ਨੇ ਡਿਊਟੀ ਲਈ ਰਿਪੋਰਟ ਨਹੀਂ ਕੀਤੀ ਅਤੇ ਉਨ੍ਹਾਂ ਦਾ ਵਿਵਹਾਰ ਵੀ ਚੰਗਾ ਨਹੀਂ ਸੀ।

ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ‘ਚ ਕਰਮਚਾਰੀਆਂ ਦੇ ਸਮੂਹਿਕ ਛੁੱਟੀ ਲੈਣ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀਆਂ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ ਸੀ। ਇਸ ਕਾਰਨ ਹਵਾਈ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਰਮਚਾਰੀਆਂ ਦੇ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਕੰਪਨੀ ਛੇਤੀ ਹੀ ਇੱਕ ਬਿਆਨ ਜਾਰੀ ਕਰੇਗੀ।

ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਐਕਸਪ੍ਰੈਸ (Air India Express) ਦੇ ਕੈਬਿਨ ਕਰੂ ਨੇ ਕਥਿਤ ਮਾੜੇ ਪ੍ਰਬੰਧ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਸਮੂਹਿਕ ਛੁੱਟੀ ਲੈ ਲਈ। 200 ਤੋਂ ਵੱਧ ਕਰਮਚਾਰੀਆਂ ਦੇ ਇਕੱਠੇ ਛੁੱਟੀ ਲੈਣ ਨਾਲ ਕੰਪਨੀ ਦੇ ਫਲਾਈਟ ਸੰਚਾਲਨ ‘ਤੇ ਗੰਭੀਰ ਅਸਰ ਪਿਆ ਅਤੇ ਕੰਪਨੀ ਨੂੰ 100 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ।

ਇਸ ਕਾਰਨ ਹਵਾਈ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਡੀਆ ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਏਅਰ ਇੰਡੀਆ ਐਕਸਪ੍ਰੈਸ ਦੇ ਸੰਚਾਲਨ ਲਗਭਗ ਰੁਕ ਜਾਣ ਕਾਰਨ ਲਗਭਗ 15 ਹਜ਼ਾਰ ਯਾਤਰੀ ਪ੍ਰਭਾਵਿਤ ਹੋਏ। ਏਅਰ ਇੰਡੀਆ ਐਕਸਪ੍ਰੈਸ ਖਾੜੀ ਦੇਸ਼ਾਂ ਲਈ ਸਭ ਤੋਂ ਵੱਧ ਉਡਾਣਾਂ ਚਲਾਉਂਦੀ ਹੈ। ਅਜਿਹੇ ‘ਚ ਕੈਬਿਨ ਕਰੂ ਦੀ ਕਮੀ ਕਾਰਨ ਭਾਰਤ ਤੋਂ ਖਾੜੀ ਦੇਸ਼ਾਂ ਨੂੰ ਜਾਣ ਵਾਲੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਏਅਰ ਇੰਡੀਆ ਐਕਸਪ੍ਰੈਸ ਰੋਜ਼ਾਨਾ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਲਗਭਗ 360 ਉਡਾਣਾਂ ਦਾ ਸੰਚਾਲਨ ਕਰਦੀ ਹੈ।

Scroll to Top