ਮੋਦੀ ਵਜ਼ਾਰਤ ਦਾ ਵਿਸਤਾਰ ਕੱਲ੍ਹ ਸੰਭਵ

ਨਵੀਂ ਦਿੱਲੀ, 5 ਜੁਲਾਈ (ਪੀ.ਟੀ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਨਾਲ ਕੀਤੀਆਂ ਲਗਾਤਾਰ ਮੀਟਿੰਗਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਮੰਡਲ ਦਾ ਵਿਸਤਾਰ ਜਲਦ ਹੋ ਸਕਦਾ ਹੈ। ਸੂਤਰਾਂ ਅਨੁਸਾਰ ਕਈ ਘੰਟੇ ਚੱਲੀਆਂ ਮੀਟਿੰਗਾਂ ਦੌਰਾਨ ਅਗਲੇ ਦਿਨਾਂ ‘ਚ ਸੰਭਾਵਿਤ ਕੇਂਦਰੀ ਕੈਬਨਿਟ ਦੇ ਵਿਸਤਾਰ ਨੂੰ ਅੰਤਿਮ ਛੋਹਾਂ ਦਿੱਤੇ ਜਾਣ ਦੀ ਚਰਚਾ ਕੀਤੀ ਗਈ ਹੈ। ਸੂਤਰਾਂ ਅਨੁਸਾਰ ਅਮਿਤ ਸ਼ਾਹ ਤੇ ਬੀ.ਐਲ. ਸੰਤੋਸ਼ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਦੇ ਨਿਵਾਸ ‘ਤੇ ਕਈ ਘੰਟੇ ਵਿਚਾਰ ਚਰਚਾ ਕੀਤੀ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੇਂਦਰੀ ਕੈਬਨਿਟ ਦਾ ਜਲਦ ਹੀ ਵਿਸਤਾਰ ਹੋ ਸਕਦਾ ਹੈ। ਕੁਝ ਸੂਤਰਾਂ ਨੇ ਦੱਸਿਆ ਹੈ ਕਿ ਸਹੁੰ-ਚੁੱਕ ਸਮਾਗਮ ਬੁੱਧਵਾਰ ਨੂੰ ਹੋ ਸਕਦਾ ਹੈ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਤੇ ਜੇਕਰ ਪ੍ਰਧਾਨ ਮੰਤਰੀ ਕੈਬਨਿਟ ਵਿਸਤਾਰ ਦੀ ਕਾਰਵਾਈ ‘ਤੇ ਅੱਗੇ ਵਧਦੇ ਹਨ ਤਾਂ ਮਈ 2019 ‘ਚ ਦੂਸਰਾ ਕਾਰਜਕਾਲ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਵਲੋਂ ਆਪਣੇ ਮੰਤਰੀ ਪ੍ਰੀਸ਼ਦ ਦਾ ਵਿਸਤਾਰ ਕੀਤਾ ਜਾਵੇਗਾ।

ਆਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਜਿਨ੍ਹਾਂ ਸੂਬੇ ‘ਚ ਹੇਮੰਤ ਬਿਸਵਾ ਸਰਮਾ ਨੂੰ ਮੁੱਖ ਮੰਤਰੀ ਬਣਾਉਣ ਦਾ ਰਾਹ ਪੱਧਰਾ ਕੀਤਾ, ਜਯੋਤਿਰਾਦਿੱਤਿਆ ਸਿੰਧੀਆ ਤੇ ਸੁਸ਼ੀਲ ਮੋਦੀ ਦਾ ਮੰਤਰੀ ਪ੍ਰੀਸ਼ਦ ‘ਚ ਸ਼ਾਮਿਲ ਹੋਣਾ ਪੱਕਾ ਹੈ। ਇਹ ਵੀ ਸੰਭਾਵਨਾ ਹੈ ਕਿ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਨੂੰ ਵੀ ਕੈਬਨਿਟ ‘ਚ ਜਗ੍ਹਾ ਮਿਲੇ। ਇਸ ਤੋਂ ਇਲਾਵਾ ਜਿਨ੍ਹਾਂ ਸੂਬਿਆਂ ‘ਚ ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਹਨ, ਖਾਸ ਕਰ ਉੱਤਰ ਪ੍ਰਦੇਸ਼ ਨੂੰ ਕੈਬਨਿਟ ‘ਚ ਵੱਧ ਪ੍ਰਾਥਮਿਕਤਾ ਮਿਲ ਸਕਦੀ ਹੈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਪੱਛਮੀ ਬੰਗਾਲ ਦੇ ਪ੍ਰਤੀਨਿਧੀਆਂ ਨੂੰ ਵੀ ਕੇਂਦਰੀ ਮੰਤਰੀ ਪ੍ਰੀਸ਼ਦ ‘ਚ ਸ਼ਾਮਿਲ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਭਾਜਪਾ ਦੇ ਭਾਈਵਾਲ ਜੇ.ਡੀ. (ਯੂ) ਤੇ ਅਪਨਾ ਦਲ ਨੂੰ ਵੀ ਮੰਤਰੀ ਪ੍ਰੀਸ਼ਦ ‘ਚ ਪ੍ਰਤੀਨਿਧਤਾ ਮਿਲ ਸਕਦੀ ਹੈ। ਸ਼ਿਵ ਸੈਨਾ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਤੋੜ-ਵਿਛੋੜਾ ਕਰ ਲੈਣ ਤੋਂ ਬਾਅਦ ਮੌਜੂਦਾ ਸਮੇਂ ਸਿਰਫ ਰਿਪਬਲਿਕਨ ਪਾਰਟੀ ਦੇ ਨੇਤਾ ਤੇ ਰਾਜ ਮੰਤਰੀ ਰਾਮਦਾਸ ਅਠਾਵਲੇ ਹੀ ਸਰਕਾਰ ਦੇ ਭਾਈਵਾਲ ਹਨ। ਕੈਬਨਿਟ ਵਿਸਥਾਰ ਦੌਰਾਨ ਲੋਕ ਜਨ ਸ਼ਕਤੀ ਪਾਰਟੀ ਦੇ ਸੰਸਥਾਪਤ ਤੇ ਮਰਹੂਮ ਸਾਬਕਾ ਕੈਬਨਿਟ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਭਰਾ ਪਸ਼ੂਪਤੀ ਕੁਮਾਰ ਪਾਰਸ ‘ਤੇ ਵੀ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।

Scroll to Top