ਕਾਬੁਲ/ਚੰਡੀਗੜ੍ਹ: ਭਾਰਤ ਦੇ ਗੁਆਂਢੀ ਦੇਸ਼ ਅਫ਼ਗ਼ਾਨਿਸਤਾਨ ’ਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਕਿਉਂਕਿ ਉੱਥੇ ਦੇਸ਼ ਦੇ ਸੁਰੱਖਿਆ ਬਲਾਂ ਤੇ ਤਾਲਿਬਾਨ ਅੱਤਵਾਦੀਆਂ ਵਿਚਾਲੇ ਪਿਛਲੇ ਹਫ਼ਤੇ ਤੋਂ ਗਹਿਗੱਚ ਲੜਾਈ ਜਾਰੀ ਹੈ। ਅਫ਼ਗ਼ਾਨਿਸਤਾਨ ਦੇ ਕਈ ਪ੍ਰਮੁੱਖ ਜ਼ਿਲ੍ਹਿਆਂ ਤੇ ਹੋਰ ਇਲਾਕਿਆਂ ਉੱਤੇ ਅੱਤਵਾਦੀਆਂ ਦਾ ਕਬਜ਼ਾ ਹੋ ਗਿਆ ਹੈ। ਅਜਿਹੇ ਖ਼ਤਰਨਾਕ ਹਾਲਾਤ ਕਾਰਨ ਹੁਣ ਭਾਰਤ ਨੂੰ ਬੇਹੱਦ ਨਾਜ਼ੁਕ ਇਲਾਕੇ ਕੰਧਾਰ ਤੋਂ ਆਪਣੇ 50 ਡਿਪਲੈਟ ਸੁਰੱਖਿਅਤ ਬਾਹਰ ਕੱਢਣੇ ਪਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਤਾਲਿਬਾਨ ਦੇ ਅੱਤਵਾਦੀਆਂ ਨੇ ਕੰਧਾਰ ਦੇ ਸੱਤਵੇਂ ਪੁਲਿਸ ਜ਼ਿਲ੍ਹੇ ਉੱਤੇ ਸ਼ੁੱਕਰਵਾਰ ਨੂੰ ਹੀ ਆਪਣਾ ਕਬਜ਼ਾ ਜਮਾ ਲਿਆ ਸੀ। ਸਨਿੱਚਰਵਾਰ ਸ਼ਾਮ ਤੱਕ ਆਖ਼ਰੀ ਖ਼ਬਰਾਂ ਮਿਲਣ ਵੇਲੇ ਤੱਕ ਵੀ ਦੋਵੇਂ ਧਿਰਾਂ ਵਿਚਾਲੇ ਗਹਿਗੱਚ ਲੜਾਈ ਜਾਰੀ ਸੀ।
ਭਾਰਤ ਸਰਕਾਰ ਨੂੰ ਜਿਵੇਂ ਹੀ ਪਤਾ ਲੱਗਾ ਕਿ ਤਾਲਿਬਾਨ ਅੱਤਵਾਦੀ ਹੁਣ ਅਫ਼ਗ਼ਾਨ ਫ਼ੌਜਾਂ ਤੇ ਹੋਰ ਸੁਰੱਖਿਆ ਬਲਾਂ ਉੱਤੇ ਭਾਰੂ ਪੈਂਦੇ ਜਾ ਰਹੇ ਹਨ; ਤਿਵੇਂ ਹੀ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਦੇਸ਼ ਦੇ ਡਿਪਲੋਮੈਟਸ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਜਾ ਪੁੱਜਾ। ਇਹ ਜਾਣਕਾਰੀ ਅੱਜ ਐਤਵਾਰ ਨੂੰ ਸੂਤਰਾਂ ਨੇ ਦਿੱਤੀ।
ਭਾਰਤ ਸਰਕਾਰ ਨੇ ਸਿਰਫ਼ ਪੰਜ ਕੁ ਦਿਨ ਪਹਿਲਾਂ ਹੀ ਆਖਿਆ ਸੀ ਕਿ ਅਫ਼ਗ਼ਾਨਿਸਤਾਨ ਦੇ ਕਾਬੁਲ ਸ਼ਹਿਰ ਵਿੱਚ ਮੌਜੂਦ ਆਪਣਾ ਦੂਤਾਵਾਸ (ਐਂਬੈਸੀ) ਅਤੇ ਕੰਧਾਰ ਅਤੇ ਮਜ਼ਾਰ-ਏ-ਸ਼ਰੀਫ਼ ’ਚ ਆਪਣੇ ਕੌਂਸਲੇਟ ਦਫ਼ਤਰ ਬੰਦ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਉਂਝ ਭਾਰਤ ਨੇ ਅਫ਼ਗ਼ਾਨਿਸਤਾਨ ’ਚ ਕਾਨੂੰਨ ਤੇ ਵਿਵਸਥਾ ਦੀ ਨਿੱਤ ਨਿੱਘਰਦੀ ਜਾ ਰਹੀ ਹਾਲਤ ਉੱਤੇ ਲਗਾਤਾਰ ਚੌਕਸ ਨਜ਼ਰ ਬਣਾ ਕੇ ਰੱਖੀ ਹੋਈ ਹੈ। ਕਿਸੇ ਵੀ ਭਾਰਤੀ ਅਧਿਕਾਰੀ ਤੇ ਨਾਗਰਿਕ ਨੂੰ ਕੋਈ ਨੁਕਸਾਨ ਨਾ ਪੁੱਜੇ; ਅਜਿਹਾ ਯਕੀਨੀ ਬਣਾਇਆ ਜਾ ਰਿਹਾ ਹੈ। ਕੰਧਾਰ ਸਥਿਤ ਭਾਰਤੀ ਕੌਂਸਲੇਟ ਦਫ਼ਤਰ ਨੂੰ ਆਰਜ਼ੀ ਤੌਰ ਉੱਤੇ ਬੰਦ ਕਰ ਦਿੱਤਾ ਗਿਆ ਹੈ ਤੇ ਸਾਰੇ ਅਧਿਕਾਰੀ ਉੱਥੋਂ ਸੁਰੱਖਿਅਤ ਕੱਢ ਲਏ ਗਏ ਹਨ। ਉਨ੍ਹਾਂ ਨੂੰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਲਿਆਂਦਾ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਕੰਧਾਰ ਤੇ ਹੈਲਮੰਡ ਸੂਬਿਆਂ ਵਿੱਚ ਇਸ ਵੇਲੇ ਤਾਲਿਬਾਨ ਅੱਤਵਾਦੀ ਹੀ ਨਹੀਂ, ਸਗੋਂ ਪਾਕਿਸਤਾਨ ਦੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੀ ਵੀ ਭਰਮਾਰ ਹੁੰਦੀ ਜਾ ਰਹੀ ਹੈ। ਤਾਜ਼ਾ ਅਨੁਮਾਨਾਂ ਮੁਤਾਬਕ 7,000 ਤੋਂ ਵੱਧ ਲਸ਼ਕਰ ਅੱਤਵਾਦੀ ਇਸ ਵੇਲੇ ਤਾਲਿਬਾਨ ਨਾਲ ਮਿਲ ਕੇ ਅਫ਼ਗ਼ਾਨਿਸਤਾਨ ਦੀਆਂ ਫ਼ੌਜਾਂ ਵਿਰੁੱਧ ਲੜ ਰਹੇ ਹਨ। ‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਅਨੁਸਾਰ ਭਾਰਤ ਸਰਕਾਰ ਨੇ ਹਾਲੇ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਕੰਧਾਰ ਇਲਾਕੇ ਵਿੱਚ ਤਾਲਿਬਾਨ ਤੇ ਅਫ਼ਗ਼ਾਨ ਫ਼ੌਜਾਂ ਵਿਚਾਲੇ ਪਿਛਲੇ ਹਫ਼ਤੇ ਤੋਂ ਹੀ ਭਿਆਨਕ ਜੰਗ ਚੱਲ ਰਹੀ ਹੈ। ਕੰਧਾਰ ਸੂਬੇ ਦੇ ਰਣਨੀਤਕ ਪੱਖੋਂ ਬੇਹੱਦ ਅਹਿਮ ਪੁਲਿਸ ਜ਼ਿਲ੍ਹੇ ਪੰਜਵਈ ਉੱਤੇ ਤਾਂ ਪਿਛਲੇ ਹਫ਼ਤੇ ਹੀ ਤਾਲਿਬਾਨ ਅੱਤਵਾਦੀਆਂ ਦਾ ਕਬਜ਼ਾ ਹੋ ਗਿਆ ਸੀ। ਅੱਤਵਾਦੀਆਂ ਨੇ ਇਨ੍ਹਾਂ ਇਲਾਕਿਆਂ ਦੇ ਘਰਾਂ ਤੱਕ ਉੱਤੇ ਆਪਣਾ ਕਬਜ਼ਾ ਜਮਾ ਲਿਆ ਹੈ। ਇਸ ਸੰਘਰਸ਼ ਵਿੱਚ 70 ਤਾਲਿਬਾਨ ਅੱਤਵਾਦੀ ਮਾਰੇ ਗਏ ਹਨ। ਅਜਿਹੇ ਹਾਲਾਤ ਕਾਰਣ 2,000 ਪਰਿਵਾਰ ਇਨ੍ਹਾਂ ਸਥਾਨਾਂ ਤੋਂ ਹਿਜਰਤ ਕਰ ਕੇ ਸੁਰੱਖਿਅਤ ਸਥਾਨਾਂ ਉੱਤੇ ਜਾ ਚੁੱਕੇ ਹਨ।
ਕੰਧਾਰ ਦਰਅਸਲ ਕਾਬੁਲ ਤੋਂ ਬਾਅਦ ਅਫ਼ਗ਼ਾਨਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਤੇ ਕੰਧਾਰ ਸੂਬੇ ਦੀ ਰਾਜਧਾਨੀ ਵੀ ਹੈ। ਵਪਾਰਕ ਤੇ ਰਣਨੀਤਕ ਪੱਖੋਂ ਇਸ ਨੂੰ ਬੇਹੱਦ ਅਹਿਮ ਮੰਨਿਆ ਜਾਂਦਾ ਹੈ। 1990ਵਿਆਂ ਤੋਂ ਲੈ ਕੇ 2001 ਤੱਕ ਇਹੋ ਤਾਲਿਬਾਨ ਸਰਕਾਰ ਦਾ ਮੁੱਖ ਦਫ਼ਤਰ ਵੀ ਹੁੰਦਾ ਸੀ। ਭਾਰਤ ਸਰਕਾਰ ਹੁਣ ਅਫ਼ਗ਼ਾਨਿਸਤਾਨ ’ਚ ਮੌਜੂਦ ਆਪਣੇ 3,000 ਦੇ ਲਗਭਗ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਯੋਜਨਾ ਉੱਤੇ ਵੀ ਕੰਮ ਕਰ ਰਹੀ ਹੈ।