PPCC

ਜ਼ੀਰਾ ਸਾਂਝਾ ਮੋਰਚਾ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮਾਲਬਰੋਸ ਈਥਾਨੌਲ ਤੇ ਸ਼ਰਾਬ ਪਲਾਂਟਾਂ ਨੂੰ ਪੱਕੇ ਤੌਰ ‘ਤੇ ਬੰਦ ਕਰਨ ਦੀ ਮੰਗ

ਚੰਡੀਗੜ੍ਹ, 04 ਜੁਲਾਈ 2023: ਜ਼ੀਰਾ ਸਾਂਝਾ ਮੋਰਚਾ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ, ਚੇਅਰਮੈਨ ਨੂੰ ਪੱਤਰ ਲਿਖ ਕੇ ਮਨਸੂਰਵਾਲ ਕਲਾਂ ਵਿਖੇ ਮਾਲਬਰੋਸ ਈਥਾਨੌਲ ਅਤੇ ਸ਼ਰਾਬ ਦੇ ਪਲਾਂਟਾਂ ਨੂੰ ਪੱਕੇ ਤੌਰ ‘ਤੇ ਬੰਦ ਕਰਨ ਅਤੇ ਕਨਸੇਂਟ ਨੂੰ ਪੱਕੇ ਤੌਰ ‘ਤੇ ਵਾਪਸ ਲੈਣ ਦੀ ਮੰਗ ਅਤੇ ਹੋਰ ਬੇਨਤੀਆਂ ਕੀਤੀਆਂ ਹਨ |

ਇਸ ਸੰਬੰਧੀ ਪੱਤਰ ਵਿੱਚ ਲਿਖਿਆ ਕਿ ਜ਼ੀਰਾ ਸਾਂਝਾ ਮੋਰਚਾ ਦੇ ਮੈਂਬਰ ਮਾਲਬਰੋਜ਼ ਸ਼ਰਾਬ ਅਤੇ ਏਥੇਨੋਲ ਪਲਾਂਟ ਦੇ ਆਲੇ-ਦੁਆਲੇ ਦੇ ਲਗਭਗ 50 ਪਿੰਡਾਂ ਦੇ ਨਾਗਰਿਕ ਹਾਂ, ਜਿਸ ਵਿੱਚ ਮਨਸੂਰਵਾਲ ਕਲਾਂ, ਮਹੀਆਂਵਾਲਾ ਕਲਾਂ, ਰਟੌਲ ਰੋਹੀ ਪਿੰਡ ਸ਼ਾਮਲ ਹਨ। ਸਾਨੂੰ ਪਤਾ ਲੱਗਾ ਹੈ ਕਿ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੇ ਆਪਣੇ ਪਲਾਂਟ ਮੁੜ ਚਾਲੂ ਕਰਨ ਦੀ ਦਰਖ਼ਾਸਤ ਆਪ ਦੇ ਦਫਤਰ ਵਿੱਚ ਭੇਜੀ ਹੈ ਅਤੇ ਉਹਨਾਂ ਦਾ ਪੱਖ ਆਪ ਵੱਲੋਂ ਸੁਣਿਆ ਗਿਆ ਹੈ ਅਤੇ ਉਸ ਤੋਂ ਬਾਅਦ ਇਹ ਅਰਜ਼ੀ ਆਪਜੀ ਦੀ ਸਹਿਮਤੀ ਲਈ ਵਿਚਾਰ ਅਧੀਨ ਹੈ। ਅਸੀਂ ਇਸ ਬਾਬਤ ਆਪਜੀ ਨਾਲ ਕੁੱਝ ਗੱਲਾਂ ਸਾਂਝੀਆਂ ਕਰਨਾ ਚਾਹੁੰਦੇ ਹਾਂ।

ਅਸੀਂ ਜ਼ਹਿਰੀਲੇ ਪਾਣੀ ਦੇ ਪ੍ਰਦੂਸ਼ਣ, ਜ਼ਹਿਰੀਲੀ ਮਿੱਟੀ ਦੇ ਪ੍ਰਦੂਸ਼ਣ ਅਤੇ ਮਾਲਬਰੋਸ ਦੇ ਮਾਲਕਾਂ ਅਤੇ ਪ੍ਰਬੰਧਕਾਂ ਦੇ ਅਪਰਾਧਿਕ, ਘਿਨਾਉਣੇ ਅਤੇ ਕਾਤਲਾਨਾ ਵਿਵਹਾਰ ਦੇ ਵਿਰੁੱਧ ਹੋਂਦ ਦੀ ਲੜਾਈ ਲੜ ਰਹੇ ਹਾਂ। ਪਿਛਲੇ ਛੇ ਮਹੀਨਿਆਂ ਵਿੱਚ ਮਾਹਿਰਾਂ ਦੀਆਂ ਦੋ ਬਹੁਤ ਹੀ ਨਾਮਵਰ ਅਤੇ ਤਕਨੀਕੀ ਤੌਰ ‘ਤੇ ਯੋਗਤਾ ਪ੍ਰਾਪਤ ਟੀਮਾਂ ਨੇ ਮਾਲਬਰੋਜ਼ ਪਲਾਂਟ ਦੇ ਅੰਦਰ ਅਤੇ ਆਲੇ ਦੁਆਲੇ ਤੋਂ ਪਾਣੀ ਅਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਕੀਤੀ ਹੈ। ਇਹਨਾਂ ਟੀਮਾਂ ਵਿੱਚੋਂ ਇੱਕ ਵਿੱਚ ਮਾਹਰਾਂ ਵਜੋਂ ਮੰਨੀਆਂ ਪਰਮੰਨੀਆਂ ਸੁਤੰਤਰ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਨ ਅਤੇ ਪੰਜਾਬ ਸਰਕਾਰ ਵੱਲੋਂ ਇਸ ਨੂੰ CWP 16500 ਆਫ਼ 2022 – ਮਾਲਬਰੋਸ ਇੰਟਰਨੈਸ਼ਨਲ ਬਨਾਮ ਪੰਜਾਬ ਰਾਜ ਦੇ ਮਾਮਲੇ ਵਿੱਚ ਨਿਯੁਕਤ ਕੀਤਾ ਗਿਆ ਸੀ। ਇਸ ਨੇ ਆਪਣੀ ਰਿਪੋਰਟ 26.03.2023 ਨੂੰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਸੀ।

ਦੂਜੀ ਟੀਮ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸੀ ਜੋ ਦੇਸ਼ ਵਿੱਚ ਪ੍ਰਦੂਸ਼ਣ ਦੇ ਮਾਮਲਿਆਂ ‘ਤੇ ਸਭ ਤੋਂ ਉੱਚ ਅਥਾਰਟੀ ਹੈ, ਜਿਸ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ‘ਤੇ 2022 ਦੇ OA 606, ਪਬਲਿਕ ਐਕਸ਼ਨ ਕਮੇਟੀ ਬਨਾਮ ਪੰਜਾਬ ਰਾਜ ਦੇ ਮਾਮਲੇ ਵਿੱਚ ਅਤੇ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਹਵਾਲੇ ਨਾਲ ਮਾਲਬਰੋਸ ਪਲਾਂਟ ਦਾ ਦੌਰਾ ਕੀਤਾ। ਇਸ ਨੇ 19.05.2023 ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ। ਅਸੀਂ ਇਹਨਾਂ ਰਿਪੋਰਟਾਂ ਵਿੱਚੋਂ ਕੁਝ ਮਹੱਤਵਪੂਰਨ ਤੱਥਾਂ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ।

ਰਿਪੋਰਟ 1 (ਪੰਜਾਬ ਸਰਕਾਰ ਦੁਆਰਾ ਗਠਿਤ ਟੀਮ)

5/01/2023 ਨੂੰ ਇਕੱਤਰ ਕੀਤੇ ਨਮੂਨੇ (ਮਾਲਬਰੋਜ਼ ਪਲਾਂਟ ਬੰਦ ਹੋਣ ਤੋਂ 5 ਮਹੀਨਿਆਂ ਤੋਂ ਵੱਧ ਸਮੇਂ ਬਾਅਦ) ਪਾਣੀ ਦੇ ਨਮੂਨਿਆਂ ਵਿੱਚ ਹੇਠ ਲਿਖੇ ਜ਼ਹਿਰੀਲੇ ਅਤੇ ਕਾਰਸੀਨੋਜਨਿਕ ਪਦਾਰਥ ਪਾਏ ਗਏ।

ਕ੍ਰੋਮੀਅਮ 4.4 ਗੁਣਾ (440%) ਮਨਜ਼ੂਰ ਸੀਮਾ ਤੋਂ ਵੱਧ।
ਲੈੱਡ (ਸਿੱਕਾ) 26 ਗੁਣਾ (2600%) ਮਨਜ਼ੂਰ ਸੀਮਾ ਤੋਂ ਵੱਧ।
ਫੀਨੋਲਿਕ ਤੱਤ 80 ਗੁਣਾ (8000%) ਮਨਜ਼ੂਰ ਸੀਮਾ ਤੋਂ ਵੱਧ।
ਪੌਲੀ ਕਲੋਰੀਨੇਟਿਡ ਬਾਈਫਿਨਾਇਲ 490 ਗੁਣਾ (49000%) ਮਨਜ਼ੂਰ ਸੀਮਾ ਤੋਂ ਵੱਧ।
ਆਇਰਨ (ਲੋਹਾ) 580 ਗੁਣਾ (58000%) ਮਨਜ਼ੂਰ ਸੀਮਾ ਤੋਂ ਵੱਧ।

ਮਿੱਟੀ ਦੇ ਨਮੂਨਿਆਂ ਵਿੱਚ

ਅਸਥਿਰ ਫੈਟੀ ਐਸਿਡ (VFAs), ਮੈਂਗਨੀਜ਼, ਲੈੱਡ ਅਤੇ ਤਾਂਬਾ ਦੀ ਬਹੁਤ ਜ਼ਿਆਦਾ ਮਾਤਰਾ

ਵਿਸ਼ੇਸ਼ ਟਿੱਪਣੀ
ਮਾਲਬਰੋਸ ਨੇ ਜਾਂਚ ਟੀਮ ਦੁਆਰਾ ਮੰਗੇ ਗਏ ਬੋਰਵੈੱਲ ਵੇਰਵੇ ਪ੍ਰਦਾਨ ਨਹੀਂ ਕੀਤੇ।

ਰਿਪੋਰਟ 2 (CPCB – ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ)

22 ਅਤੇ 23 ਫਰਵਰੀ 2023 ਨੂੰ ਇਕੱਤਰ ਕੀਤੇ ਨਮੂਨੇ (ਪਲਾਂਟ ਦੇ ਬੰਦ ਹੋਣ ਤੋਂ 7 ਮਹੀਨੇ ਬਾਅਦ)

ਸੀਪੀਸੀਬੀ ਟੀਮਾਂ ਦੁਆਰਾ ਨਿਰੀਖਣ ਕੀਤੇ ਗਏ 29 ਬੋਰ-ਵੈਲਾਂ ਵਿੱਚੋਂ ਕਿਸੇ ਦਾ ਵੀ ਪਾਣੀ ਪੀਣ ਯੋਗ ਨਹੀਂ ਹੈ।

ਪਲਾਂਟ ਵਿੱਚ ਸਥਿਤ 02 ਬੋਰਵੈੱਲਾਂ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਧਾਤਾਂ ਅਤੇ ਜ਼ਹਿਰੀਲੀਆਂ ਧਾਤਾਂ ਅਰਥਾਤ ਆਰਸੈਨਿਕ, ਕ੍ਰੋਮੀਅਮ, ਕਾਪਰ, ਆਇਰਨ, ਮੈਂਗਨੀਜ਼, ਨਿੱਕਲ, ਲੈੱਡ ਅਤੇ ਸੇਲੇਨਿਅਮ, ਬਹੁਤ ਜ਼ਿਆਦਾ ਮਾਤਰਾ ਵਿੱਚ ਮੌਜੂਦ ਹਨ। ਇਨ੍ਹਾਂ ਦੋ ਬੋਰ-ਵੈਲਾਂ ਵਿੱਚ ਸੀਓਡੀ ਅਤੇ ਰੰਗ ਦਾ ਗਾੜ੍ਹਾਪਣ ਵੀ ਬਹੁਤ ਜ਼ਿਆਦਾ ਸੀ। ਦੋਵੇਂ ਬੋਰਵੈਲ ਦਾ ਪਾਣੀ ਕਾਲੇ ਰੰਗ ਦਾ ਅਤੇ ਬਦਬੂਦਾਰ ਸੀ। ਇਹਨਾਂ ਬੋਰਵੈੱਲਾਂ ਵਿੱਚ, ਆਰਸੈਨਿਕ ਦੀ ਮਾਤ੍ਰਾ ਪ੍ਰਵਾਨਿਤ ਸੀਮਾ ਤੋਂ 2-3 ਗੁਣਾ ਵੱਧ ਪਾਈ ਗਈ। ਇਸੇ ਤਰ੍ਹਾਂ, ਕ੍ਰੋਮੀਅਮ, ਆਇਰਨ, ਮੈਂਗਨੀਜ਼, ਨਿਕਲ ਅਤੇ ਲੈੱਡ ਦੀ ਮਾਤ੍ਰਾ ਨਿਰਧਾਰਤ ਅਨੁਮਤੀ ਸੀਮਾਵਾਂ ਦੇ ਮੁਕਾਬਲੇ ਕ੍ਰਮਵਾਰ 6-7 ਗੁਣਾ, 650-800 ਗੁਣਾ, 32-37 ਗੁਣਾ, 10-11 ਗੁਣਾ ਅਤੇ 8-13 ਗੁਣਾ ਵੱਧ ਪਾਈ ਗਈ। ਇਹ ਦੋਵੇਂ ਬੋਰਵੈੱਲ ਚਾਲੂ ਹਾਲਤ ਵਿੱਚ ਸਨ, ਇੱਕ ਬੋਰਵੈੱਲ ਦਾ ਮੋਟਰ, ਇਲੈਕਟ੍ਰੀਕਲ ਅਤੇ ਮਕੈਨੀਕਲ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ, ਜਦੋਂ ਕਿ ਦੂਜੇ ਬੋਰ-ਵੈੱਲ ਨੂੰ ਸੀਲ ਕਰਕੇ ਮਿੱਟੀ ਵਿੱਚ ਦੱਬ ਦਿੱਤਾ ਗਿਆ ਸੀ।

ਪਾਈਜ਼ੋਮੀਟਰਾਂ ਤੋਂ ਲਏ ਗਏ ਨਮੂਨੇ ਬਿਨਾਂ ਕਿਸੇ ਸੀਓਡੀ, ਅਤੇ ਰੰਗ ਤੋਂ ਪਾਏ ਗਏ। ਇਹ ਭਾਰੀ ਧਾਤੂ ਦੀ ਗੰਦਗੀ ਤੋਂ ਵੀ ਮੁਕਤ ਪਾਏ ਗਏ। ਉਸੇ ਥਾਂ ‘ਤੇ ਸਥਾਪਿਤ ਕੀਤੇ ਗਏ ਦੋ ਬੋਰ-ਵੈੱਲ ਭਾਰੀ ਧਾਤਾਂ, ਸੀਓਡੀ ਅਤੇ ਰੰਗ ਦੀ ਉੱਚ ਮਾਤ੍ਰਾ ਨਾਲ ਦੂਸ਼ਿਤ ਪਾਏ ਗਏ। ਇਹ ਤੱਥ ਇਹਨਾਂ ਬੋਰ-ਵੈਲਾਂ ਵਿੱਚ ਰਿਵਰਸ ਬੋਰਿੰਗ/ਪੰਪਿੰਗ ਦੁਆਰਾ ਦੂਸ਼ਿਤ ਗੰਦੇ ਪਾਣੀ ਦੇ ਟੀਕੇ ਲਾਏ ਜਾਣ ਨੂੰ ਦਰਸਾਉਂਦਾ ਹੈ। ਤਿੰਨ ਪਿੰਡਾਂ ਮਨਸੂਰਵਾਲ, ਮਹੀਆਂਵਾਲਾ ਕਲਾਂ ਅਤੇ ਰਟੌਲ ਰੋਹੀ ਵਿੱਚ ਧਾਤਾਂ ਅਤੇ ਭਾਰੀ ਧਾਤਾਂ ਦੀ ਜ਼ਿਆਦਾ ਮਾਤਰਾ ਨਾਲ ਜ਼ਮੀਨੀ ਪਾਣੀ ਪ੍ਰਭਾਵਿਤ ਹੈ।

ਕਿਸੇ ਉਦਯੋਗ ਦੇ ਅਹਾਤੇ ਵਿੱਚ CGWB ਅਤੇ/ਜਾਂ PWRDA ਦੀ ਇਜਾਜ਼ਤ ਲਏ ਬਿਨਾਂ ਇੰਨੀ ਵੱਡੀ ਗਿਣਤੀ ਵਿੱਚ ਬੋਰ-ਵੈੱਲਾਂ ਦੀ ਮੌਜੂਦਗੀ ਉਹ ਵੀ ਜ਼ੀਰੋ ਲਿਕਵਿਡ ਡਿਸਚਾਰਜ ਦਾ ਦਾਅਵਾ ਕਰਨ ਵਾਲੇ ਉਦਯੋਗ ਵਿੱਚ ਇੱਕ ਹੋਰ ਜਾਂਚ ਦਾ ਵਿਸ਼ਾ ਹੈ। ਨਿਰੀਖਣ ਕੀਤੇ ਗਏ 29 ਬੋਰ-ਵੈੱਲਾਂ ਵਿੱਚੋਂ, 12 ਬੋਰ-ਵੈੱਲ ਅਣਸੁਖਾਵੀਂ ਗੰਧ ਵਾਲਾ ਪਾਣੀ ਦੇ ਰਹੇ ਸਨ, ਜਦੋਂ ਕਿ 05 ਬੋਰ-ਵੈੱਲ ਅਣਸੁਖਾਵੀਂ ਗੰਧ ਅਤੇ ਕਾਲੇ ਰੰਗ ਵਾਲਾ ਪਾਣੀ ਦੇ ਰਹੇ ਸਨ।

ਤਿੰਨ ਪਿੰਡਾਂ ਮਨਸੂਰਵਾਲ, ਮਹੀਆਂਵਾਲਾ ਕਲਾਂ ਅਤੇ ਰਟੌਲ ਰੋਹੀ ਵਿੱਚ ਧਾਤਾਂ ਅਤੇ ਭਾਰੀ ਧਾਤਾਂ (ਜ਼ਹਿਰੀਲੇ ਤੱਤਾਂ) ਦੀ ਜ਼ਿਆਦਾ ਮਾਤ੍ਰਾ ਨਾਲ ਜ਼ਮੀਨੀ ਪਾਣੀ ਪ੍ਰਭਾਵਿਤ ਪਾਇਆ ਗਿਆ ਹੈ। ਇਹ ਖੋਜ ਖੇਤਰ ਵਿੱਚ ਧਰਤੀ ਹੇਠਲੇ ਪਾਣੀ ਦੀ ਢਲਾਣ ਨਾਲ ਮੇਲ ਖਾਂਦਾ ਹੈ ਜਿਸਨੂੰ ਕੇਂਦਰੀ ਭੂਜੱਲ ਦੀ ਟੀਮ ਵੱਲੋਂ ਨਿਰਧਾਰਿਤ ਕੀਤਾ ਗਿਆ ਹੈ। ਪਿੰਡ ਰਟੌਲ ਰੋਹੀ ਵਿਖੇ ਸਥਿਤ ਬੋਰਵੈੱਲ ਵਿੱਚ 0.2 mg/l ਦੀ ਗਾੜ੍ਹਾਪਣ ਵਿੱਚ ਸਾਈਨਾਈਡ ਦੀ ਮੌਜੂਦਗੀ, ਜੋ ਕਿ IS 10500: 2012 ਵਿੱਚ ਦਰਸਾਏ ਅਨੁਸਾਰ 0.05 mg/l ਦੀ ਸਵੀਕਾਰਯੋਗ ਸੀਮਾ ਤੋਂ ਚਾਰ ਗੁਣਾ ਵੱਧ ਹੈ, ਚਿੰਤਾ ਦਾ ਵਿਸ਼ਾ ਹੈ। ਸੀਪੀਸੀਬੀ ਨੇ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਤੋਂ ਹੋਰ ਵੇਰਵਿਆਂ ਦੀ ਮੰਗ ਕੀਤੀ ਸੀ ਜਿਸ ਦੀ ਹਾਲੇ ਵੀ ਉਡੀਕ ਹੈ।

ਇਹਨਾਂ ਹਾਲਾਤਾਂ ਵਿੱਚ ਸਾਡੀਆਂ ਮੰਗਾਂ ਇਸ ਪ੍ਰਕਾਰ ਹਨ

1. ਪਰਿਸਰ ਵਿਚਲੇ ਸਾਰੇ ਈਥਾਨੌਲ, ਸ਼ਰਾਬ ਅਤੇ ਹੋਰ ਪਲਾਂਟਾਂ ਦਾ ਪੱਕੇ ਤੌਰ ‘ਤੇ ਬੰਦ ਹੋਣਾ ਅਤੇ PPCB ਦੀ ਸਹਿਮਤੀ ਦੀ ਸਥਾਈ ਵਾਪਸੀ।
2. ਮਾਲਬਰੋਜ਼, ਇਸਦੇ ਮਾਲਕਾਂ ਅਤੇ ਪ੍ਰਬੰਧਕਾਂ ‘ਤੇ ਅਪਰਾਧਿਕ ਮੁਕੱਦਮਾ ।
3. ਮਾਲਬਰੋਜ਼ ‘ਤੇ ਪੋਲੂਟਰ ਪੇਜ਼ ਜਾਂ ਪ੍ਰਦੂਸ਼ਨਕਾਰੀ ਹਰਜ਼ਾਨਾ ਭਰੇ ਦੇ ਸਿਧਾਂਤ ‘ਤੇ ਭਾਰੀ ਜੁਰਮਾਨਾ ਅਤੇ ਪੀੜਤਾਂ ਨੂੰ ਮੁਆਵਜ਼ਾ।
4. ਪੀ.ਪੀ.ਸੀ.ਬੀ. ਦੁਆਰਾ ਨੁਕਸਾਨ ਦੇ ਮੁਲਾਂਕਣ ਦੀ ਕਵਾਇਦ ਦੇ ਸਮੇਂ ਜ਼ੀਰਾ ਸਾਂਝ ਮੋਰਚੇ ਦੇ ਮੈਂਬਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ।
5. ਪੀਪੀਸੀਬੀ ਪ੍ਰਭਾਵਿਤ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਤੁਰੰਤ ਸਪਲਾਈ ਲਈ ਪੰਜਾਬ ਸਰਕਾਰ ਨੂੰ ਆਪਣੇ ਵੱਲੋਂ ਇੱਕ ਪੱਤਰ ਲਿਖੇ।

Scroll to Top