ਨੌਜਵਾਨਾਂ ਨੂੰ ਪਟਿਆਲਾ ਦੇ ਇਤਿਹਾਸ ਤੇ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਹੈਰੀਟੇਜ ਟ੍ਰੈਜ਼ਰ ਹੰਟ ਚੰਗਾ ਉਪਰਾਲਾ-ਪੰਨੂ
ਮੀਡੀਆ ਡਾਇਰੈਕਟਰ ਬਲਤੇਜ ਪੰਨੂੰ ਤੇ ਵਿਧਾਇਕ ਕੋਹਲੀ ਵੱਲੋਂ ਜੇਤੂ ਟੀਮਾਂ ਸਨਮਾਨਿਤ
ਪਟਿਆਲਾ, 26 ਫਰਵਰੀ : ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਪਹਿਲੀ ਵਾਰ ਵਿਰਾਸਤੀ ਖ਼ਜ਼ਾਨਾ ਖੋਜ ‘ਹੈਰੀਟੇਜ ਟ੍ਰੈਜ਼ਰ ਹੰਟ’ ਮੁਕਾਬਲਾ ਕਰਵਾਇਆ ਗਿਆ। ਪਟਿਆਲਾ ਫਾਊਂਡੇਸ਼ਨ ਵੱਲੋਂ ਉਲੀਕੇ ਇਸ ਮੁਕਾਬਲੇ ‘ਚ ਨੌਜਵਾਨ ਵਿਦਿਆਰਥੀਆਂ ਤੇ ਸ਼ਹਿਰ ਵਾਸੀਆਂ ਨੇ ਬਹੁਤ ਉਤਸ਼ਾਹ, ਜੋਸ਼ ਤੇ ਸਮਰਪਣ ਭਾਵਨਾ ਨਾਲ ਹਿੱਸਾ ਲਿਆ।
ਇਸ ਮੁਕਾਬਲੇ ਦੀ ਜੇਤੂ ਟੀਮ ਹਾਊਸ ਆਫ਼ ਜੀਂਦ ਪਹਿਲੇ ਅਤੇ ਹਾਊਸ ਆਫ਼ ਕੈਥਲ ਟੀਮ ਦੂਜੇ ਥਾਂ ‘ਤੇ ਰਹੀ, ਜਿਨ੍ਹਾਂ ਨੂੰ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂੰ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੈਡਲ ਤੇ ਸਰਟੀਫਿਕੇਟਸ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਪਟਿਆਲਾ ਦੇ ਇਤਿਹਾਸ ਤੇ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਹੈਰੀਟੇਜ ਟ੍ਰੈਜ਼ਰ ਹੰਟ ਇੱਕ ਚੰਗਾ ਉਪਰਾਲਾ ਹੈ।
ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।ਹਾਊਸ ਆਫ਼ ਪਟਿਆਲਾ, ਹਾਊਸ ਆਫ਼ ਨਾਭਾ, ਹਾਊਸ ਆਫ਼ ਜੀਂਦ ਅਤੇ ਹਾਊਸ ਆਫ਼ ਕੈਥਲ, ‘ਤੇ ਅਧਾਰਤ ਟੀਮਾਂ ‘ਚ ਵੰਡੇ ਲਗਭਗ 90 ਮੈਂਬਰਾਂ ਨੇ ਇਹ ਮੁਕਾਬਲਾ ਜਿੱਤਣ ਲਈ ਪਟਿਆਲੇ ਦੇ ਇਤਿਹਾਸ ‘ਤੇ ਅਧਾਰਤ ਸਵਾਲਾਂ ਦੇ ਜਵਾਬ ਦੇਣੇ ਸਨ।
ਇਨ੍ਹਾਂ ਟੀਮਾਂ ਨੂੰ ਕਿਲਾ ਮੁਬਾਰਕ ਤੋਂ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਨੇ ਝੰਡੀ ਦੇ ਕੇ ਰਵਾਨਾ ਕੀਤਾ।ਹੈਰੀਟੇਜ ਟ੍ਰੈਜ਼ਰ ਹੰਟ ਟੀਮਾਂ ਨੇ ਪਟਿਆਲਾ ਦਾ ਪੁਰਾਣਾ ਆਰਕੀਟੈਕਚਰ, ਵਿਰਾਸਤੀ ਪਰੰਪਰਾਵਾਂ ਤੇ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਸ਼ਾਹੀ ਸਮਾਧਾਂ ਤੱਕ ਦੇ 2 ਕਿਲੋਮੀਟਰ ਦੇ ਹੈਰੀਟੇਜ ਰਸਤੇ ਦੀ ਯਾਤਰਾ ਕੀਤੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਟ੍ਰੈਜ਼ਰ ਹੰਟ ‘ਚ ਸ਼ਹਿਰ ਵਾਸੀਆਂ ਤੇ ਨੌਜਵਾਨ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹ÷ ਸਾਡੀ ਵਿਰਾਸਤ ਨੂੰ ਯਾਦ ਰੱਖਣ ਲਈ ਅਜਿਹੇ ਨਿਵੇਕਲੇ ਢੰਗ ਤਰੀਕੇ ਅਪਣਾਉਣ ਦੀ ਲੋੜ ਹੈ ਤਾਂ ਕਿ ਨੌਜਵਾਨ ਹੱਸਦੇ-ਖੇਡਦੇ ਹੋਏ ਆਪਣੇ ਇਤਿਹਾਸ ਤੇ ਪਰੰਪਰਾ ਨੂੰ ਯਾਦ ਕਰਨ।
ਜਦਕਿ ਪਟਿਆਲਾ ਫਾਊਂਡੇਸ਼ਨ ਦੇ ਸੀ.ਈ.ਓ. ਰਵੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਟ੍ਰੈਜ਼ਰ ਹੰਟ ਨੌਜਵਾਨਾਂ ਨੂੰ ਸ਼ਹਿਰ ਦੇ ਇਤਿਹਾਸ ਅਤੇ ਪਰੰਪਰਾਵਾਂ ਨੂੰ ਚੰਗੀ ਤਰ੍ਹਾਂ ਜਾਣਨ ਅਤੇ ਪੁਰਾਣੇ ਰਵਾਇਤੀ ਜੀਵਨ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕਰਨ ਦਾ ਇੱਕ ਤਰੀਕਾ ਹੈ।ਇਸ ਮੌਕੇ ਡਾ. ਅਭਨੀਨੰਦਨ ਬੱਸੀ, ਡਾ. ਨਿਧੀ ਸ਼ਰਮਾ, ਹਰਦੀਪ ਕੌਰ ਤੇ ਵਲੰਟੀਅਰ ਭਰਪੂਰ ਸਿੰਘ, ਪਲਕ, ਹਰਮਨਜੋਤ ਸਿੰਘ, ਸੰਯਮ ਮਿੱਤਲ, ਸਤਨਾਮ ਸਿੰਘ, ਮੋਹਿਤ ਗੁਪਤਾ, ਆਦਿਸ਼ਵਰ ਆਹਲੂਵਾਲੀਆ, ਮਾਧਵੇਂਦਰ ਸਿੰਘ, ਹਿਮਨੀਸ਼, ਗੁਲ, ਯਾਚਨਾ, ਅਵੀਰਲ, ਰਚਨਾ, ਕਨਿਸ਼ਕ ਨੇ ਟ੍ਰੈਜ਼ਰ ਹੰਟ ਨੂੰ ਸਫਲਤਾ ਪੂਰਵਕ ਕਰਵਾਉਣ ‘ਚ ਮਦਦ ਕੀਤੀ।