Facebook-Instagram

ਫੇਸਬੁੱਕ-ਇੰਸਟਾਗ੍ਰਾਮ ਦੀ ਵਰਤੋਂ ਕਰਨ ਲਈ ਖਰਚਣੇ ਪੈਣਗੇ ਪੈਸੇ !, ਯੂਰਪ ‘ਚ ਸਰਵਿਸ ਜਲਦ ਹੋ ਸਕਦੀ ਹੈ ਲਾਗੂ

ਚੰਡੀਗੜ੍ਹ, 02 ਸਤੰਬਰ 2023: ਟਵਿੱਟਰ ਨੂੰ ਖਰੀਦਣ ਤੋਂ ਬਾਅਦ, ਐਲਨ ਮਸਕ ਨੇ ਬਲੂ ਟਿੱਕ ਸਮੇਤ ਹਰ ਚੀਜ਼ ‘ਤੇ ਫੀਸ ਲਗਾ ਦਿੱਤੀ ਸੀ। ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ (Facebook-Instagram) ਦੇ ਮਾਲਕ ਮਾਰਕ ਜ਼ੁਕਰਬਰਗ ਨੇ ਵੀ ਐਲਨ ਮਸਕ ਦਾ ਰਾਹ ਅਪਣਾਇਆ ਹੈ। ਖ਼ਬਰ ਹੈ ਕਿ ਮੇਟਾ ਨੇ ਆਪਣੇ ਦੋ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਫੀਸ ਆਧਾਰਿਤ ਬਣਾਉਣ ਦਾ ਫੈਸਲਾ ਕੀਤਾ ਹੈ, ਯਾਨੀ ਤੁਹਾਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਨ ਲਈ ਪੈਸੇ ਖਰਚ ਕਰਨੇ ਪੈਣਗੇ।

ਇੱਕ ਰਿਪੋਰਟ ਮੁਤਾਬਕ ਮੇਟਾ ਨੇ ਫਿਲਹਾਲ ਯੂਰਪ ਲਈ ਇਹ ਫੈਸਲਾ ਲਿਆ ਹੈ। ਰਿਪੋਰਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੇਟਾ ਨੇ ਵਿਗਿਆਪਨ ਅਤੇ ਪ੍ਰਾਈਵੇਸੀ ਨੂੰ ਲੈ ਕੇ ਯੂਰਪੀ ਸੰਘ ਦੇ ਲਗਾਤਾਰ ਦਬਾਅ ਦੇ ਵਿਚਕਾਰ ਇਹ ਫੈਸਲਾ ਲਿਆ ਹੈ। ਮੈਟਾ ‘ਤੇ ਯੂਜਰ ਦਾ ਡੇਟਾ ਚੋਰੀ ਕਰਨ ਦਾ ਦੋਸ਼ ਵੀ ਲੱਗਦਾ ਰਿਹਾ ਹੈ| ਕੰਪਨੀ ਭਾਰਤ ‘ਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਪੇਡ ਵਰਜ਼ਨ ਨੂੰ ਵੀ ਲਾਂਚ ਕਰ ਸਕਦੀ ਹੈ, ਹਾਲਾਂਕਿ ਇਸ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।

ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ (Facebook-Instagram) ‘ਤੇ ਯੂਰਪੀਅਨ ਯੂਨੀਅਨ ਦੇਸ਼ਾਂ ਦੇ ਉਪਭੋਗਤਾਵਾਂ ਲਈ ਦੋ ਸੇਵਾਵਾਂ ਹੋਣਗੀਆਂ, ਜਿਨ੍ਹਾਂ ਵਿੱਚੋਂ ਇੱਕ ਦਾ ਭੁਗਤਾਨ ਕੀਤਾ ਜਾਵੇਗਾ ਅਤੇ ਦੂਜੀ ਮੁਫ਼ਤ ਹੋਵੇਗੀ। ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਡ ਸਰਵਿਸ ਲੈਣ ਵਾਲੇ ਉਪਭੋਗਤਾਵਾਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਇਸ਼ਤਿਹਾਰ ਨਹੀਂ ਦਿਖਾਇਆ ਜਾਵੇਗਾ। ਮੁਫ਼ਤ ਸੰਸਕਰਣ ਪਹਿਲਾਂ ਵਾਂਗ ਇਸ਼ਤਿਹਾਰਾਂ ਦੇ ਨਾਲ ਕੰਮ ਕਰੇਗਾ | ਮੇਟਾ ਨੇ ਅਜੇ ਤੱਕ ਆਪਣੇ ਫੈਸਲੇ ‘ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

ਅਜੇ ਇਹ ਸਪੱਸ਼ਟ ਨਹੀਂ ਹੈ ਕਿ ਪੇਡ ਵਰਜ਼ਨ ਲਈ ਯੂਜ਼ਰਸ ਤੋਂ ਕਿੰਨੇ ਪੈਸੇ ਲਏ ਜਾਣਗੇ। ਇਸ ਤੋਂ ਇਲਾਵਾ ਇੰਸਟਾਗ੍ਰਾਮ ਅਤੇ ਫੇਸਬੁੱਕ ਦੋਵਾਂ ਨੂੰ ਇੱਕੋ ਪੇਡ ਸਰਵਿਸ ਦੇ ਤਹਿਤ ਵਰਤਿਆ ਜਾ ਸਕਦਾ ਹੈ ਜਾਂ ਦੋਵਾਂ ਲਈ ਵੱਖ-ਵੱਖ ਪਲਾਨ ਲੈਣੇ ਪੈਣਗੇ। ਮੇਟਾ 2019 ਤੋਂ ਯੂਰਪੀਅਨ ਯੂਨੀਅਨ ਦੁਆਰਾ ਜਾਂਚ ਦਾ ਸਾਹਮਣਾ ਕਰ ਰਹੀ ਹੈ। ਕੰਪਨੀ ‘ਤੇ ਲੰਬੇ ਸਮੇਂ ਤੋਂ ਯੂਜ਼ਰਸ ਦਾ ਡਾਟਾ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਇਕੱਠਾ ਕਰਨ ਦਾ ਦੋਸ਼ ਹੈ।

Scroll to Top