ਜਲੰਧਰ, 9 ਸਤੰਬਰ 2023: ਵਿਰੋਧੀ ਧਿਰਾਂ ਵੱਲੋਂ ਤੱਥ ਤੋੜ-ਮਰੋੜ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਖ਼ਤ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਆਗੂ ਬੁਰੀ ਤਰ੍ਹਾਂ ਬੁਖਲਾਏ ਹੋਏ ਹਨ ਕਿਉਂਕਿ ਇਹ ਆਗੂਆਂ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਦੀ ਖੁਸ਼ੀ ਵਿਚ ਉਨ੍ਹਾਂ ਦੇ ਖਿੜਦੇ ਚਿਹਰੇ ਬਰਦਾਸ਼ਤ ਨਹੀਂ ਕਰ ਸਕਦੇ।
ਅੱਜ ਇੱਥੇ ਪੰਜਾਬ ਪੁਲਿਸ ਦੇ 560 ਸਬ-ਇੰਸਪੈਕਟਰਾਂ ਨੂੰ ਨਿਯੁਕਤ ਪੱਤਰ ਵੰਡਣ ਲਈ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਇਸ ਭਰਤੀ ਦੇ ਮਸਲੇ ਉਤੇ ਹੋ-ਹੱਲਾ ਮਚਾਉਣ ਵਾਲੇ ਨੇਤਾਵਾਂ ਨੂੰ ਆੜੇ ਹੱਥੀਂ ਲਿਆ। ਭਗਵੰਤ ਮਾਨ ਨੇ ਕਿਹਾ, “ਮੈਂ ਹਮੇਸ਼ਾ ਪੰਜਾਬ ਨੂੰ ਦੇਸ਼ ਦਾ ਅੱਵਲ ਸੂਬਾ ਬਣਾਉਣ ਦੇ ਸੁਪਨੇ ਸੰਜੋਏ ਹਨ। ਮੈਨੂੰ ਪੰਜਾਬ ਤੇ ਪੰਜਾਬੀਆਂ ਪ੍ਰਤੀ ਮੁਹੱਬਤ ਦਾ ਪ੍ਰਗਟਾਵਾ ਕਰਨ ਲਈ ਕਿਸੇ ਪਾਸੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।”
ਮੁੱਖ ਮੰਤਰੀ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਲੀਡਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਕ ਮਹੀਨੇ ਦੇ ਅੰਦਰ ਪੰਜਾਬੀ ਭਾਸ਼ਾ ਦੀ ਲਿਖਤੀ ਪ੍ਰੀਖਿਆ 45 ਫੀਸਦੀ ਅੰਕਾਂ ਨਾਲ ਪਾਸ ਕਰਨ ਦੀ ਚੁਣੌਤੀ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਆਗੂ ਸਨਾਵਰ ਤੇ ਦੂਨ ਵਰਗੇ ਸਕੂਲ ਤੋਂ ਪੜ੍ਹੇ ਹੋਏ ਹਨ ਜਿਸ ਕਰਕੇ ਇਹ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਹੀ ਨਹੀਂ ਕਰ ਸਕਦੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਰਹਿੰਦੇ ਰਹੇ ਹਨ ਅਤੇ ਉਹ ਬਾਦਲ ਲਈ ਪੰਜਾਬੀ ਅਖਬਾਰ ਪੜ੍ਹਦੇ ਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹਨੀ ਨਹੀਂ ਆਉਂਦੀ ਸੀ।
ਵਿਰੋਧੀ ਪਾਰਟੀਆਂ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇਤਾਵਾਂ ਦੇ ਪੁਰਖਿਆਂ ਨੇ ਜੱਲ੍ਹਿਆਂਵਾਲਾ ਬਾਗ ਸਾਕੇ ਦੇ ਸਾਜ਼ਿਸ਼ਘਾੜਿਆਂ ਦਾ ਸਨਮਾਨ ਕੀਤਾ ਹੈ, ਅਜਿਹੇ ਆਗੂਆਂ ਕੋਲ ਉਨ੍ਹਾਂ ਨੂੰ ਸਵਾਲ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪ ਸੱਤਾ ਵਿੱਚ ਹੁੰਦਿਆਂ ਪੰਜਾਬ ਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਕਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਖਿਆਲ ਵੀ ਨਹੀਂ ਆਇਆ ਅਤੇ ਜਦੋਂ ਹੁਣ ਸਾਡੀ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਤਾਂ ਨੌਜਵਾਨਾਂ ਦੇ ਚਿਹਰਿਆਂ ਉਤੇ ਆਈਆਂ ਖੁਸ਼ੀਆਂ ਇਨ੍ਹਾਂ ਨੂੰ ਹਜ਼ਮ ਨਹੀਂ ਹੋ ਰਹੀਆਂ।
ਮੁੱਖ ਮੰਤਰੀ ਨੇ ਰਾਜਾ ਵੜਿੰਗ ਨੇ ਰਾਜਸਥਾਨ ਤੋਂ ਬੱਸਾਂ ਦੀਆਂ ਬਾਡੀਆਂ ਲਵਾਉਣ ਮੌਕੇ ਗੈਰ-ਕਾਨੂੰਨੀ ਢੰਗ ਨਾਲ ਪੈਸਾ ਕਮਾਇਆ ਹੈ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ਦੀ ਜਾਣਕਾਰੀ ਆਉਂਦੇ ਦਿਨਾਂ ਵਿਚ ਨਸ਼ਰ ਕੀਤੀ ਜਾਵੇਗੀ ਕਿ ਕਿਸ ਤਰ੍ਹਾਂ ਸੂਬੇ ਦਾ ਖਜ਼ਾਨਾ ਲੁੱਟਿਆ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਤਾ ਹੋਣ ਦੇ ਬਾਵਜੂਦ ਕਿ ਬੱਸਾਂ ਦੀਆਂ ਬਾਡੀਆਂ ਪੰਜਾਬ ਵਿੱਚ ਲਗ ਸਕਦੀਆਂ ਹਨ, ਬਾਹਰਲੇ ਸੂਬੇ ਤੋਂ ਲਵਾਈਆਂ ਗਈਆਂ।