ਚੰਡੀਗੜ੍ਹ, 31 ਦਸੰਬਰ 2024: ਭਾਰਤੀ ਅਤੇ ਆਸਟਰੇਲੀਆ ਵਿਚਾਲੇ ਖੇਡੀ ਜਾ ਰਹੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ਬਾਰਡਰ-ਗਾਵਸਕਰ ਟਰਾਫੀ ‘ਚ ਭਾਵੇਂ ਭਾਰਤ 1-2 ਨਾਲ ਪਛੜ ਗਈ ਹੈ | ਦੂਜੇ ਪਾਸੇ ਭਾਰਤੀ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ (Yashshvi Jaiswal) ਨੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਯਸ਼ਸਵੀ ਜੈਸਵਾਲ ਦੇ ਬੱਲੇ ਨੇ ਇਸ ਸਾਲ ਟੈਸਟ ਮੈਚਾਂ ‘ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਜੈਸਵਾਲ ਨੇ ਕੁੱਲ 1478 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਉਹ ਇੱਕ ਕੈਲੰਡਰ ਸਾਲ ‘ਚ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਵਾਲਾ ਤੀਜਾ ਭਾਰਤੀ ਬੱਲੇਬਾਜ਼ ਬਣ ਗਿਆ ਹੈ।
ਭਾਰਤੀ ਟੀਮ ਨੂੰ ਸੋਮਵਾਰ ਨੂੰ ਆਸਟ੍ਰੇਲੀਆ ਖ਼ਿਲਾਫ ਚੌਥੇ ਟੈਸਟ ਮੈਚ ‘ਚ 184 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਯਸ਼ਸਵੀ ਨੇ ਇਸ ਟੈਸਟ ‘ਚ ਸ਼ਾਨਦਾਰ ਪਾਰੀ ਖੇਡੀ। ਯਸ਼ਸਵੀ ਨੇ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਮੈਚ ਦੀ ਪਹਿਲੀ ਪਾਰੀ ‘ਚ 82 ਦੌੜਾਂ ਬਣਾਈਆਂ ਸਨ ਅਤੇ ਜੈਸਵਾਲ ਦੂਜੀ ਪਾਰੀ ‘ਚ ਵੀ ਆਪਣਾ ਜਾਦੂ ਬਿਖੇਰਨ ‘ਚ ਸਫਲ ਰਿਹਾ।
ਯਸ਼ਸਵੀ (Yashshvi Jaiswal) ਨੇ ਆਪਣੇ ਟੈਸਟ ਕਰੀਅਰ ਦਾ 10ਵਾਂ ਅਰਧ ਸੈਂਕੜਾ ਜੜਿਆ, ਇੰਨਾ ਹੀ ਨਹੀਂ ਯਸ਼ਸਵੀ ਨੇ ਰਿਸ਼ਭ ਪੰਤ ਦੇ ਨਾਲ 88 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ ਪਰ ਇਸ ਸਾਂਝੇਦਾਰੀ ਦੇ ਟੁੱਟਣ ਤੋਂ ਬਾਅਦ ਭਾਰਤੀ ਪਾਰੀ ਫਿੱਕੀ ਪੈ ਗਈ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਯਸ਼ਸਵੀ ਜੈਸਵਾਲ ਮੈਲਬੌਰਨ ਕ੍ਰਿਕੇਟ ਗਰਾਊਂਡ (MCG) ‘ਚ ਇੱਕ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ‘ਚ 50 ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਯਸ਼ਸਵੀ ਨੇ ਐਮਸੀਜੀ ਟੈਸਟ ਦੀ ਪਹਿਲੀ ਪਾਰੀ ‘ਚ 82 ਦੌੜਾਂ ਬਣਾਈਆਂ ਸਨ ਅਤੇ ਦੂਜੀ ਪਾਰੀ ‘ਚ 84 ਦੌੜਾਂ ਬਣਾ ਕੇ ਆਊਟ ਹੋ ਗਿਆ ਸੀ।
ਆਪਣੀ ਸ਼ਾਨਦਾਰ ਪਾਰੀ ਦੇ ਦਮ ‘ਤੇ ਯਸ਼ਸਵੀ ਸਾਬਕਾ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਸੁਨੀਲ ਗਾਵਸਕਰ ਦੇ ਕਲੱਬ ‘ਚ ਸ਼ਾਮਲ ਹੋ ਗਏ ਹਨ। ਇੱਕ ਕੈਲੰਡਰ ਸਾਲ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਮ ਹੈ, ਜਿਸ ਨੇ 2010 ‘ਚ 1562 ਦੌੜਾਂ ਬਣਾਈਆਂ ਸਨ। ਜਦਕਿ ਗਾਵਸਕਰ ਨੇ 1979 ‘ਚ 1555 ਦੌੜਾਂ ਬਣਾਈਆਂ ਸਨ। ਹੁਣ ਯਸ਼ਸਵੀ ਜੈਸਵਾਲ ਇਸ ਸੂਚੀ ‘ਚ ਤੀਜੇ ਸਥਾਨ ‘ਤੇ ਆ ਗਏ ਹਨ, ਜਿਨ੍ਹਾਂ ਨੇ ਇਸ ਸਾਲ ਟੈਸਟ ‘ਚ 1478 ਦੌੜਾਂ ਬਣਾਈਆਂ ਹਨ। ਭਾਰਤ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਨੇ 2008 ‘ਚ 1462 ਅਤੇ 2010 ‘ਚ 1422 ਦੌੜਾਂ ਬਣਾਈਆਂ ਸਨ।
Read More: IND vs AUS: ਹਾਰ ਨਾਲ ਮਾਨਸਿਕ ਤੌਰ ਪਰੇਸ਼ਾਨ ਹਾਂ, ਟੀਮ ‘ਚ ਕਈਂ ਬਦਲਾਅ ਦੀ ਲੋੜ: ਰੋਹਿਤ ਸ਼ਰਮਾ