ਚੰਡੀਗੜ੍ਹ ,2 ਅਗਸਤ 2021:ਕਈ ਥਾਵਾਂ ਤੇ ਲਗਾਤਰ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |ਇਸੇ ਦੇ ਚਲਦਿਆਂ ਦਿੱਲੀ ਅਤੇ ਯਮੁਨਾ ਦੇ ਕੰਢੇ ਵਾਲੇ ਖੇਤਰਾਂ ’ਚ ਯਮੁਨਾ ਦੇ ਪਾਣੀ ਦਾ ਪੱਧਰ ਐਤਵਾਰ ਨੂੰ ਮੁੜ ਵੱਧ ਗਿਆ ਹੈ ,ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਇਹ ਖਤਰੇ ਦੇ ਨਿਸ਼ਾਨ 205.33 ਮੀਟਰ ਤੋਂ ਥੋੜ੍ਹਾ ਹੇਠਾਂ ਸੀ। ਹੜ੍ਹ ਕੰਟਰੋਲ ਰੂਮ ਮੁਤਾਬਕ ਸਵੇਰੇ 9 ਵਜੇ ਪੁਰਾਣੇ ਰੇਲਵੇ ਪੁੱਲ ’ਤੇ ਪਾਣੀ ਦਾ ਪੱਧਰ 205.30 ਮੀਟਰ ਸੀ।
ਸ਼ੁੱਕਰਵਾਰ ਨੂੰ ਯਮੁਨਾ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਚਲਾ ਗਿਆ ਸੀ। ਉਸ ਦਿਨ ਰਾਤ 9 ਵਜੇ ਇਹ 205.59 ਮੀਟਰ ਸੀ। ਸ਼ਨਿੱਚਰਵਾਰ ਰਾਤ ਵੇਲੇ ਇਹ 204.89 ਮੀਟਰ ਸੀ।ਅਜਿਹੇ ਹਾਲਤਾਂ ਨੂੰ ਵੇਖਦੇ ਹੋਏ ਦਿੱਲੀ ਦੇ ਜ਼ਿਲਾ ਪ੍ਰਸ਼ਾਸਨ ਨੇ ਰਾਜਧਾਨੀ ’ਚ ਯਮੁਨਾ ਦੇ ਨੀਵੇਂ ਖੇਤਰਾਂ ’ਚ ਰਹਿਣ ਵਾਲੇ 100 ਤੋਂ ਵੱਧ ਪਰਿਵਾਰਾਂ ਨੂੰ ਕੁਝ ਦਿਨਾਂ ਲਈ ਉਚਾਈ ਵਾਲੇ ਖੇਤਰਾਂ ’ਚ ਪਹੁੰਚਾ ਦਿੱਤਾ ਹੈ। ਹੜ੍ਹ ਦੇ ਖ਼ਤਰੇ ਨੂੰ ਵੇਖਦੇ ਹੋਏ ਪ੍ਰਸ਼ਾਸ਼ਨ ਨੇ ਵੱਖ-ਵੱਖ ਖੇਤਰਾਂ ’ਚ ਕਿਸ਼ਤੀਆਂ ਵੀ ਮੁਹੱਈਆ ਕਰਵਾ ਦਿੱਤੀਆਂ ਹਨ|