ਚੰਡੀਗੜ੍ਹ, 26 ਫਰਵਰੀ 2024: ਭਾਰਤ (Indian team) ਨੇ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਵੀ ਜਿੱਤ ਲਿਆ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਸੀਰੀਜ਼ ‘ਚ 3-1 ਦੀ ਜੇਤੂ ਬੜ੍ਹਤ ਵੀ ਹਾਸਲ ਕਰ ਲਈ ਹੈ। ਮੇਜ਼ਬਾਨ ਟੀਮ ਨੇ ਰਾਂਚੀ ਵਿੱਚ ਸਖ਼ਤ ਮੁਕਾਬਲੇ ਵਿੱਚ ਮਹਿਮਾਨ ਟੀਮ ਨੂੰ ਪੰਜ ਵਿਕਟਾਂ ਨਾਲ ਹਰਾਇਆ ਹੈ । 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਸ਼ੁਭਮਨ ਗਿੱਲ ਅਤੇ ਧਰੁਵ ਜੁਰੇਲ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਜਿੱਤ ਦਰਜ ਕੀਤੀ। ਭਾਰਤੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿੱਚ ਇਸ ਦਾ ਫਾਇਦਾ ਹੋਇਆ ਹੈ। ਭਾਰਤੀ ਟੀਮ ਦੇ ਅੰਕਾਂ ਦੀ ਪ੍ਰਤੀਸ਼ਤਤਾ ਵਧੀ ਹੈ।
ਰਾਂਚੀ ਟੈਸਟ ਤੋਂ ਪਹਿਲਾਂ ਭਾਰਤੀ ਟੀਮ (Indian team) ਦੇ 50 ਅੰਕ ਸਨ ਅਤੇ ਅੰਕਾਂ ਦੀ ਪ੍ਰਤੀਸ਼ਤਤਾ 59.52 ਸੀ। ਹੁਣ ਭਾਰਤੀ ਟੀਮ ਦੇ 62 ਅੰਕ ਹਨ ਅਤੇ ਅੰਕਾਂ ਦੀ ਪ੍ਰਤੀਸ਼ਤਤਾ 64.58 ਹੈ। ਭਾਰਤੀ ਟੀਮ ਦੂਜੇ ਸਥਾਨ ‘ਤੇ ਬਰਕਰਾਰ ਹੈ। ਭਾਰਤ ਨੇ ਹੁਣ ਤੱਕ ਅੱਠ ਮੈਚ ਖੇਡੇ ਹਨ ਅਤੇ ਪੰਜ ਜਿੱਤੇ ਹਨ। ਭਾਰਤ ਨੇ ਦੋ ਮੈਚ ਹਾਰੇ ਹਨ ਅਤੇ ਇੱਕ ਡਰਾਅ ਰਿਹਾ ਹੈ। ਨਿਊਜ਼ੀਲੈਂਡ ਦੀ ਟੀਮ 75 ਅੰਕ ਪ੍ਰਤੀਸ਼ਤ ਨਾਲ ਸਿਖਰ ‘ਤੇ ਹੈ। ਆਸਟ੍ਰੇਲੀਆ 55 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ, ਜਦਕਿ ਬੰਗਲਾਦੇਸ਼ 50 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ। ਪਾਕਿਸਤਾਨ ਦਾ ਅੰਕ ਪ੍ਰਤੀਸ਼ਤ 36.66 ਹੈ ਅਤੇ ਉਹ ਪੰਜਵੇਂ ਸਥਾਨ ‘ਤੇ ਹੈ।