ਚੰਡੀਗੜ੍ਹ, 06 ਜਨਵਰੀ, 2024: ਆਸਟਰੇਲਿਆਈ ਟੀਮ (Australia team) ਨੇ ਪਾਕਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਜੇ ਮੈਚ ਵਿੱਚ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਆਸਟ੍ਰੇਲੀਆ ਨੇ ਸਿਡਨੀ ਟੈਸਟ ਜਿੱਤ ਕੇ ਪਾਕਿਸਤਾਨ ਨੂੰ ਸੀਰੀਜ਼ ‘ਚ 3-0 ਨਾਲ ਹਰਾ ਦਿੱਤਾ।ਪਾਕਿਸਤਾਨ ‘ਤੇ ਸ਼ਾਨਦਾਰ ਜਿੱਤ ਤੋਂ ਬਾਅਦ ਆਸਟ੍ਰੇਲੀਆਈ ਟੀਮ ਨੂੰ ਵੱਡਾ ਫਾਇਦਾ ਮਿਲਿਆ ਹੈ। ਕੰਗਾਰੂ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-35 ਦੀ ਅੰਕ ਸੂਚੀ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਉਸ ਨੇ ਭਾਰਤੀ ਟੀਮ ਤੋਂ ਨੰਬਰ-1 ਦਾ ਤਾਜ ਖੋਹ ਲਿਆ ਹੈ। ਹੁਣ ਭਾਰਤ ਦੂਜੇ ਸਥਾਨ ‘ਤੇ ਖਿਸਕ ਗਿਆ ਹੈ।
ਦਰਅਸਲ, ਆਸਟਰੇਲੀਆ (AUS vs PAK) ਦੇ ਖ਼ਿਲਾਫ਼ ਤੀਜੇ ਟੈਸਟ ਮੈਚ ਵਿੱਚ ਹਾਰ ਤੋਂ ਬਾਅਦ ਪਾਕਿਸਤਾਨੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਪਹੁੰਚ ਗਈ ਹੈ। ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੱਕਰ ‘ਚ ਪਾਕਿਸਤਾਨ ਦੀ ਟੀਮ ਨੇ 5 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਸ ਨੇ 2 ਮੈਚ ਜਿੱਤੇ ਹਨ ਅਤੇ 3 ਮੈਚ ਹਾਰੇ ਹਨ।
ਪਾਕਿਸਤਾਨ ਦੀ ਹਾਰ ਨਾਲ ਭਾਰਤੀ ਟੀਮ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਸੀਰੀਜ਼ ਡਰਾਅ ‘ਚ ਖ਼ਤਮ ਕਰਕੇ ਭਾਰਤੀ ਟੀਮ ਨੰਬਰ 1 ‘ਤੇ ਪਹੁੰਚ ਗਈ ਸੀ ਪਰ ਦੋ ਦਿਨਾਂ ਦੇ ਅੰਦਰ ਹੀ ਆਸਟ੍ਰੇਲੀਆ ਨੇ ਭਾਰਤ ਤੋਂ ਨੰਬਰ-1 ਦਾ ਤਾਜ ਖੋਹ ਲਿਆ।
ਆਸਟ੍ਰੇਲੀਆਈ ਟੀਮ Australia team) ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੱਕਰ ‘ਚ ਹੁਣ ਤੱਕ 8 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਸ ਨੇ 5 ਜਿੱਤੇ ਹਨ ਅਤੇ 2 ਹਾਰੇ ਹਨ। ਤੀਜੇ ਟੈਸਟ ਤੋਂ ਪਹਿਲਾਂ ਕੰਗਾਰੂ ਟੀਮ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਸੀ ਪਰ ਤੀਜੇ ਟੈਸਟ ‘ਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਆਸਟ੍ਰੇਲੀਆ ਨੇ ਵੱਡੀ ਛਾਲ ਮਾਰੀ ਹੈ।