ਚੰਡੀਗੜ੍ਹ, 8 ਫਰਵਰੀ 2023: ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦੇ ਦੂਜੇ ਪੜਾਅ ਦਾ ਫਾਈਨਲ 7 ਤੋਂ 11 ਜੂਨ ਤੱਕ ਇੰਗਲੈਂਡ ਦੇ ਓਵਲ ਮੈਦਾਨ ਵਿੱਚ ਖੇਡਿਆ ਜਾਵੇਗਾ। ਆਈਸੀਸੀ ਨੇ ਇਸ ਮੈਚ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਮੀਂਹ ਜਾਂ ਕਿਸੇ ਹੋਰ ਕਾਰਨ ਖੇਡ ਖਰਾਬ ਹੋਣ ਦੀ ਸੂਰਤ ਵਿੱਚ 12 ਜੂਨ ਨੂੰ ਰਾਖਵਾਂ ਦਿਨ ਰੱਖਿਆ ਗਿਆ ਹੈ। ਨਿਊਜ਼ੀਲੈਂਡ ਨੇ ਟੈਸਟ ਚੈਂਪੀਅਨਸ਼ਿਪ ਦੇ ਪਹਿਲੇ ਫਾਈਨਲ ਵਿੱਚ ਭਾਰਤ ( India) ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ । ਇਹ ਮੈਚ ਇੰਗਲੈਂਡ ਦੇ ਸਾਊਥੈਂਪਟਨ ‘ਚ ਖੇਡਿਆ ਗਿਆ ਸੀ ।
ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦੇ ਅੰਕ ਸੂਚੀ ਦੇ ਅਨੁਸਾਰ, ਆਸਟਰੇਲੀਆ (Australia) ਅਤੇ ਭਾਰਤ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚਣ ਦੀਆਂ ਮਜ਼ਬੂਤ ਦਾਅਵੇਦਾਰ ਹਨ। ਹਾਲਾਂਕਿ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਵੀ ਫਾਈਨਲ ਦੀ ਦੌੜ ‘ਚ ਹਨ ਪਰ ਇਨ੍ਹਾਂ ਦੋਵਾਂ ਟੀਮਾਂ ਦਾ ਫਾਈਨਲ ‘ਚ ਪਹੁੰਚਣ ਦਾ ਰਸਤਾ ਕਾਫੀ ਮੁਸ਼ਕਿਲ ਹੈ।
image:icc
ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਚੱਕਰ ‘ਚ ਆਸਟ੍ਰੇਲੀਆ 75.56 ਫੀਸਦੀ ਅੰਕਾਂ ਨਾਲ ਨੌਂ ਟੀਮਾਂ ਦੀ ਅੰਕ ਸੂਚੀ ‘ਚ ਸਿਖਰ ‘ਤੇ ਹੈ। ਇਸ ਤੋਂ ਬਾਅਦ ਭਾਰਤ 58.93 ਫੀਸਦੀ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਦੋਵੇਂ ਟੀਮਾਂ 9 ਫਰਵਰੀ ਤੋਂ ਨਾਗਪੁਰ ‘ਚ ਸ਼ੁਰੂ ਹੋਣ ਵਾਲੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ‘ਚ ਆਹਮੋ-ਸਾਹਮਣੇ ਹੋਣਗੀਆਂ ਅਤੇ ਇਸ ਸੀਰੀਜ਼ ਦਾ ਨਤੀਜਾ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਵਾਲੀਆਂ ਟੀਮਾਂ ਦੇ ਨਾਂ ਤੈਅ ਕਰੇਗਾ।