July 2, 2024 8:04 pm
Wrestlers

ਪਹਿਲਵਾਨਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਮਨਾਇਆ ਕਾਲਾ ਦਿਵਸ, ਕਿਹਾ- ਹਿੰਮਤ ਨਹੀਂ ਹਾਰਾਂਗੇ, ਲੜਦੇ ਰਹਾਂਗੇ

ਨਵੀਂ ਦਿੱਲੀ, 11 ਮਈ 2023 (ਦਵਿੰਦਰ ਸਿੰਘ): ਅੱਜ ਦਿੱਲੀ ਦੇ ਜੰਤਰ-ਮੰਤਰ ਵਿਖੇ ਬ੍ਰਿਜ ਭੂਸ਼ਣ ਵਿਰੁੱਧ ਪਹਿਲਵਾਨਾਂ (Wrestlers) ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਲਾ ਦਿਵਸ ਮਨਾਇਆ ਗਿਆ। ਇਸ ਮੌਕੇ ਭਾਰਤ ਦੀ ਖਿਡਾਰਨ ਸਾਕਸ਼ੀ ਮਲਿਕ ਨੇ ਕਿਹਾ ਕਿ ਸਰਕਾਰ ਆਪਣੇ ਸੰਸਦ ਮੈਂਬਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਵੀ ਹਿੰਮਤ ਨਹੀਂ ਹਾਰਾਂਗੇ ਅਤੇ ਲੜਦੇ ਰਹਾਂਗੇ। ਉਨ੍ਹਾਂ ਕਿਹਾ ਕਿ ਅਸੀਂ ਪੀੜਤ ਲੜਕੀ ਦਾ ਨਾਰਕੋ ਟੈਸਟ ਕਰਵਾਉਣ ਲਈ ਤਿਆਰ ਹਾਂ, ਕੀ ਸਰਕਾਰ ਆਪਣੇ ਸੰਸਦ ਮੈਂਬਰ ਦਾ ਨਾਰਕੋ ਟੈਸਟ ਕਰਵਾਏਗੀ ?।

ਜਿਕਰਯੋਗ ਹੈ ਕਿ ਬੀਤੇ ਦਿਨ ਰੀਓ ਓਲੰਪਿਕ 2016 ਦੀ ਕਾਂਸੀ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ (Wrestler Sakshi Malik) ਨੇ ਬ੍ਰਿਜ ਭੂਸ਼ਣ ਨੂੰ ਨਾਰਕੋ ਟੈਸਟ ਕਰਵਾਉਣ ਅਤੇ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ | ਸਾਕਸ਼ੀ ਨੇ ਕਿਹਾ ਕਿ ਡਬਲਯੂਐੱਫਆਈ ਦੇ ਮੁਖੀ ਬ੍ਰਿਜ ਭੂਸ਼ਣ ਨੂੰ ਸੱਤ ਪਹਿਲਵਾਨਾਂ ਦੁਆਰਾ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਆਪਣੀ ਨਿਰਦੋਸ਼ਤਾ ਬਾਰੇ ਯਕੀਨ ਹੋਣ ‘ਤੇ ਝੂਠ ਖੋਜਣ ਵਾਲਾ ਨਾਰਕੋ ਟੈਸਟ ਕਰਵਾਉਣਾ ਚਾਹੀਦਾ ਹੈ। ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਇਹ ਵੀ ਕਿਹਾ ਕਿ ਜੇਕਰ ਬ੍ਰਿਜ ਭੂਸ਼ਣ ਅਜੇ ਵੀ ਡਬਲਯੂ.ਐੱਫ.ਆਈ. ਦੇ ਕੰਮਕਾਜ ਵਿੱਚ ਸ਼ਾਮਲ ਰਹੇ ਤਾਂ ਉਹ ਮੁਕਾਬਲਿਆਂ ਦੇ ਆਯੋਜਨ ਦਾ ਵਿਰੋਧ ਕਰਨਗੇ।

ਸਾਕਸ਼ੀ ਮਲਿਕ (Wrestler Sakshi Malik) ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਮੈਂ WFI ਪ੍ਰਧਾਨ ਨੂੰ ਨਾਰਕੋ ਟੈਸਟ ਕਰਵਾਉਣ ਦੀ ਚੁਣੌਤੀ ਦਿੰਦੀ ਹਾਂ। ਅਸੀਂ ਜਾਂਚ ਲਈ ਵੀ ਤਿਆਰ ਹਾਂ। ਸੱਚਾਈ ਸਾਹਮਣੇ ਆਵੇ ਕਿ ਕੌਣ ਦੋਸ਼ੀ ਹੈ ਤੇ ਕੌਣ ਨਹੀਂ। ਇਸ ਦੇ ਨਾਲ ਹੀ 2021 ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਬਜਰੰਗ ਪੂਨੀਆ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਮੁਕਾਬਲੇ IOA ਦੇ ਐਡ-ਹਾਕ ਪੈਨਲ ਦੇ ਅਧੀਨ ਹੋਣ। ਜੇਕਰ ਬ੍ਰਿਜ ਭੂਸ਼ਣ ਇਸ ਦੇ ਪ੍ਰੋਗਰਾਮਾਂ ਵਿੱਚ ਕਿਸੇ ਵੀ ਤਰ੍ਹਾਂ ਸ਼ਾਮਲ ਹੁੰਦਾ ਹੈ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ।