ਚੰਡੀਗੜ੍ਹ, 22 ਫਰਵਰੀ 2025: MI vs RCB: ਮੁੰਬਈ ਇੰਡੀਅਨਜ਼ (Mumbai Indians) ਨੇ ਰਾਇਲ ਚੈਲੇਂਜਰਜ਼ ਬੰਗਲੁਰੂ (Royal Challengers Bengaluru) ਨੂੰ ਚਾਰ ਵਿਕਟਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਿਆ। ਹੁਣ ਟੀਮ ਦੇ ਖਾਤੇ ‘ਚ ਚਾਰ ਅੰਕ ਹਨ ਅਤੇ ਨੈੱਟ ਰਨ ਰੇਟ +0.610 ਹੋ ਗਿਆ ਹੈ। ਇਸ ਦੇ ਨਾਲ ਹੀ, ਆਰਸੀਬੀ ਤਿੰਨ ਮੈਚਾਂ ‘ਚ ਦੋ ਜਿੱਤਾਂ ਨਾਲ ਸਿਖਰ ‘ਤੇ ਹੈ।
ਸ਼ੁੱਕਰਵਾਰ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 167 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਨੇ 19.5 ਓਵਰਾਂ ‘ਚ ਛੇ ਵਿਕਟਾਂ ‘ਤੇ 170 ਦੌੜਾਂ ਬਣਾਈਆਂ ਅਤੇ ਇੱਕ ਗੇਂਦ ਬਾਕੀ ਰਹਿੰਦੇ ਮੈਚ ਜਿੱਤ ਲਿਆ। ਇਹ ਮੌਜੂਦਾ ਟੂਰਨਾਮੈਂਟ ‘ਚ ਮੁੰਬਈ ਇੰਡੀਅਨਜ਼ ਦੀ ਦੂਜੀ ਜਿੱਤ ਹੈ ਜਦੋਂ ਕਿ ਆਰਸੀਬੀ ਨੂੰ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਮੁੰਬਈ ਇੰਡੀਅਨਜ਼ ਨੇ ਇਸ ਟੂਰਨਾਮੈਂਟ ‘ਚ ਹੁਣ ਤੱਕ ਰਾਇਲ ਚੈਲੇਂਜਰਜ਼ ਬੰਗਲੌਰ ਖ਼ਿਲਾਫ਼ ਛੇ ‘ਚੋਂ ਚਾਰ ਮੈਚ ਜਿੱਤੇ ਹਨ। ਇਸ ਦੇ ਨਾਲ ਹੀ, ਮੁੰਬਈ ਨੇ ਮੌਜੂਦਾ ਚੈਂਪੀਅਨ ਆਰਸੀਬੀ ਦੇ ਖਿਲਾਫ ਸਭ ਤੋਂ ਵੱਡਾ ਟੀਚਾ ਵੀ ਪ੍ਰਾਪਤ ਕਰ ਲਿਆ ਹੈ।
ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ (Mumbai Indians) ਦੀ ਸ਼ੁਰੂਆਤ ਹੌਲੀ ਰਹੀ। ਕਿਮ ਗਾਰਥ ਨੇ ਦੂਜੇ ਓਵਰ ‘ਚ ਹੀ ਯਾਸਤਿਕਾ ਭਾਟੀਆ ਨੂੰ ਪੈਵੇਲੀਅਨ ਭੇਜ ਦਿੱਤਾ। ਉਹ ਸਿਰਫ਼ ਅੱਠ ਦੌੜਾਂ ਹੀ ਬਣਾ ਸਕੀ। ਫਿਰ ਹੇਲੀ ਮੈਥਿਊਜ਼ ਦੇ ਨਾਲ ਨੈਟ ਸਿਵਰ ਬਰੰਟ ਵੀ ਸ਼ਾਮਲ ਹੋਈ, ਜੋ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਈ। ਦੋਵਾਂ ਵਿਚਾਲੇ ਦੂਜੀ ਵਿਕਟ ਲਈ 27 ਗੇਂਦਾਂ ‘ਤੇ 57 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੂੰ ਰਾਘਵੀ ਬਿਸ਼ਟ ਨੇ ਤੋੜਿਆ।
ਭਾਰਤੀ ਗੇਂਦਬਾਜ਼ ਨੇ ਮੈਥਿਊਜ਼ ਦਾ ਵਿਕਟ ਲਿਆ, ਜੋ 15 ਦੌੜਾਂ ਬਣਾ ਕੇ ਵਾਪਸ ਪਰਤੀ। ਆਰਸੀਬੀ ਵਿਰੁੱਧ ਇਸ ਜਿੱਤ ਦੀਆਂ ਹੀਰੋ ਹਰਮਨਪ੍ਰੀਤ ਕੌਰ (Harmanpreet Kaur) ਅਤੇ ਅਮਨਜੋਤ ਕੌਰ (Amanjot Kaur) ਸਨ। ਦੋਵਾਂ ਨੇ 49 ਗੇਂਦਾਂ ‘ਚ 62 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ ਅਤੇ ਜਿੱਤ ਯਕੀਨੀ ਬਣਾਈ। ਇਸ ਦੌਰਾਨ ਮੁੰਬਈ ਦੀ ਕਪਤਾਨ (Harmanpreet Kaur) ਨੇ 50 ਅਤੇ ਅਮਨਜੋਤ ਕੌਰ ਨੇ 34* ਦੌੜਾਂ ਬਣਾਈਆਂ। ਇਸ ਦੌਰਾਨ, ਜੀ ਕਮਾਲਿਨੀ 11 ਦੌੜਾਂ ਬਣਾ ਕੇ ਨਾਬਾਦ ਰਹੀ। ਆਰਸੀਬੀ ਲਈ ਜਾਰਜੀਆ ਵੇਅਰਹੈਮ ਨੇ ਤਿੰਨ ਵਿਕਟਾਂ, ਕਿਮ ਗਾਰਥ ਨੇ ਦੋ ਅਤੇ ਏਕਤਾ ਬਿਸ਼ਟ ਨੇ ਇੱਕ ਵਿਕਟ ਲਈ।
Read More: UPW vs DC: ਮਹਿਲਾ ਪ੍ਰੀਮੀਅਰ ਲੀਗ ਦੀ ਅੰਕ ਸੂਚੀ ‘ਚ ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਪਛਾੜਿਆ