ਮੀਰੀ ਪੀਰੀ

ਮੀਰੀ ਪੀਰੀ ਦਿਹਾੜੇ ਮੌਕੇ ਖ਼ਾਲਸੇ ਦੀ ਧਰਤੀ ‘ਤੇ ਸੱਦੀ ਜਾਵੇਗੀ ਵਿਸ਼ਵ ਸਿੱਖ ਇਕੱਤਰਤਾ: ਪੰਥ ਸੇਵਕ ਸ਼ਖ਼ਸੀਅਤਾਂ

ਸ੍ਰੀ ਅਨੰਦਪੁਰ ਸਾਹਿਬ, 11 ਮਾਰਚ 2023: ਤੀਜੇ ਘੱਲੂਘਾਰੇ ਤੋਂ ਬਾਅਦ ਉੱਠੇ ਸੰਘਰਸ਼ ਤੋਂ ਬਾਅਦ ਆਗੂਆਂ, ਸਹਿਯੋਗੀ ਅਤੇ ਹਮਦਰਦ ਸਫਾ ਵਿੱਚ ਰਹੀਆ ਪੰਥ ਸੇਵਕ ਸ਼ਖ਼ਸੀਅਤਾਂ ਨੇ ਅੱਜ ਇਕੱਠੇ ਤੌਰ ਉੱਤੇ ਐਲਾਨ ਕੀਤਾ ਕਿ ਮੌਜੂਦਾ ਹਾਲਾਤ ਵਿਚੋਂ ਸਿੱਖਾਂ ਨੂੰ ਕੱਢਣ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਤਹਿਤ ਮੀਰੀ ਪੀਰੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਜਾਵੇਗੀ |

ਇਸ ਇਕੱਤਰਤਾ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ ਬਾਰੇ ਪੰਥਕ ਰਿਵਾਇਤ ਅਨੁਸਾਰ ਸਾਂਝਾ ਫੈਸਲਾ ਲਿਆ ਜਾਵੇਗਾ | ਜਿਸਦੇ ਚੱਲਦੇ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਇਸ ਵੇਲੇ ਜਦੋਂ ਸੰਸਾਰ ਦੱਖਣੀ ਏਸ਼ੀਆ ਦੇ ਖਿੱਤੇ ਤੇ ਹਿੰਦੁਸਤਾਨ ਦੇ ਹਾਲਾਤ ਅਸਥਿਰਤਾ ਵੱਲ ਜਾ ਰਹੇ ਹਨ,ਜਿਸਦਾ ਅਸਰ ਪੰਜਾਬ ਅਤੇ ਸਿੱਖਾਂ ਉੱਤੇ ਵੀ ਪੈ ਰਿਹਾ ਹੈ |

ਕੇਂਦਰ ਸਰਕਾਰ ( ਦਿੱਲੀ ਦਰਬਾਰ ) ਸਿੱਖਾਂ ਵਿੱਚ ਆਏ ਵਰਤਮਾਨ ਖਿੰਡਾਓ ਨੂੰ ਹੋਰ ਵਧਾ ਰਿਹਾ ਹੈ ਸਿੱਖਾਂ ਦੇ ਮਸਲਿਆਂ ਆਪਸੀ ਵਖਰੇਵਿਆ, ਮਤਭੇਦਾਂ ਅਤੇ ਵਿਵਾਦਤ ਮੁੱਦਿਆਂ ਨੂੰ ਇੱਕੋ ਵੇਲੇ ਹਵਾ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਹਿੰਦੁਸਤਾਨ ਦੀਆਂ ਏਜੰਸੀਆਂ ਤੇ ਦਿੱਲੀ ਦਰਬਾਰ ਪੱਖੀ ਖਬਰਖਾਨਾ (ਮੀਡੀਆ) ਲਗਾਤਾਰ ਪੰਜਾਬ ਤੇ ਸਿੱਖਾਂ ਬਾਰੇ ਨਕਾਰਾਤਮਿਕ ਬਿਰਤਾਂਤ ਖੜ੍ਹਾ ਕਰ ਰਿਹਾ ਹੈ। ਇਹ ਸਭ ਕੁਝ ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਤੇ ਸਿੱਖਾਂ ਵਲੋਂ ਦਰਸਾਈ ਸਮਰੱਥਾ ਤੋਂ ਬਾਅਦ ਦਿੱਲੀ ਦਰਬਾਰ ਵੱਲੋਂ ਮੋੜਵੀ ਵਿਓਂਤਬੰਦੀ ਤਹਿਤ ਸੂਰੂ ਹੋਇਆ ਹੈ। ਇਹ ਵਰਤਾਰਾ ਹੁਣ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ | ਜਿਸ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਦਰਬਾਰ ਇਹ ਹਾਲਾਤ ਲਗਾਤਾਰ ਬਣਾਈ ਰੱਖਣਾ ਚਾਹੁੰਦਾ ਹੈ।

ਸਿੱਖਾਂ ਦੀ ਅੰਦਰੂਨੀ ਰਾਜਨੀਤਕ ਸਥਿਤੀ ‘ਤੇ ਇਸ ਦੇ ਪੈ ਰਹੇ ਅਸਰ ਬਾਰੇ ਉਹਨਾਂ ਕਿਹਾ ਕਿ ਸਦੀ ਪਹਿਲਾਂ ਸੰਘਰਸ਼ ਵਿੱਚੋਂ ਨਿੱਕਲੀਆਂ ਸਿੱਖ ਸੰਸਥਾਵਾਂ ਦਿੱਲੀ ਦਰਬਾਰ ਦੀ ਰਾਜਸੀ ਅਧੀਨਗੀ ਹੇਠ ਆ ਜਾਣ ਦੇ ਨਾਲ-ਨਾਲ ਕਈ ਹੋਰ ਅੰਦਰੂਨੀ ਕਮਜ਼ੋਰੀਆਂ ਦਾ ਵੀ ਸ਼ਿਕਾਰ ਹੋ ਚੁੱਕੀਆਂ ਹਨ। ਇਸ ਕਾਰਨ ਇਹ ਸਿੱਖਾਂ ਵਿੱਚ ਆਪਣੀ ਮਾਨਤਾ ਅਤੇ ਅਸਰ ਰਸੂਖ ਗਵਾਈ ਜਾ ਰਹੀਆਂ ਹਨ। ਵਰਤਮਾਨ ਗੈਰ-ਸਿਧਾਂਤਕ ਪ੍ਰਬੰਧ ਕਾਰਨ ਖ਼ਾਲਸਾ ਪੰਥ ਦੇ ਕੇਂਦਰੀ ਧੁਰੇ ਵਜੋਂ ਅਗਵਾਹੀ ਕਰਨ ਵਾਲੇ ਸਰਵਉੱਚ ਤੇ ਸਰਵਪਰਵਾਨਤ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੱਡੀ ਆਂਚ ਆਈ ਹੈ ਅਤੇ ਇਥੋਂ ਸਹੀ ਅਗਵਾਹੀ ਨਾ ਮਿਲਣ ਕਾਰਨ ਸਿੱਖ ਆਪੋ-ਧਾਪੀ ਦੀ ਮਾਰ ਝੱਲ ਰਹੇ ਹਨ।

ਦਿੱਲੀ ਦਰਬਾਰ ਇਸ ਮਾਹੌਲ ਨੂੰ ਹੋਰ ਭੜਕਾ ਕੇ ਸਿੱਖਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਆਪਸੀ ਸਭ ਤੋਂ ਉਲਝਾ ਰਹੇ ਹਨ | ਸਿੱਖ ਸੰਸਥਾਵਾਂ ਵਿੱਚ ਦਿੱਲੀ ਦਰਬਾਰ ਦੀ ਦਖਲ-ਅੰਦਾਜੀ ਬਾਰੇ ਪੰਥਕ ਸ਼ਖ਼ਸੀਅਤਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ-ਸ਼ਾਹ ਦੀ ਬਿੱਪਰਵਾਦੀ ਸਰਕਾਰ, ਸਿੱਖ ਸੰਸਥਾਵਾਂ ਦੇ ਪ੍ਰਬੰਧ ਵਿੱਚ ਸਿਰਫ਼ ਦਖਲ ਅੰਦਾਜ਼ੀ ਹੀ ਨਹੀਂ ਕਰ ਰਹੀ, ਸਗੋਂ ਅਸਿੱਧੇ ਤੌਰ ‘ਤੇ ਇਨਾ ਦੇ ਪ੍ਰਬੰਧ ‘ਤੇ ਕਬਜ਼ਾ ਕਰ ਰਹੀ ਹੈ। ਹੁਣ ਤੱਕ ਇਸ ਦੀਆਂ ਅਨੇਕਾਂ ਮਿਸਾਲਾਂ ਸਾਹਮਣੇ ਆ ਚੁੱਕੀਆਂ ਹਨ। ਮੋਦੀ ਸਰਕਾਰ ਪੰਜਾਬ ਤੋਂ ਬਾਹਰਲੇ ਤਖ਼ਤ ਸਾਹਿਬਾਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿੱਚ ਸਿੱਧਾ ਦਖਲ ਦੇ ਕੇ ਇਹਨਾਂ ਦੇ ਪ੍ਰਬੰਧ ਉੱਤੇ ਆਪਣੀਆਂ ਕਠਪੁਤਲੀਆਂ ਨੂੰ ਕਾਬਜ ਕਰਵਾ ਰਹੀ ਹੈ।

ਦਿੱਲੀ ਦਰਬਾਰ ਦੀ ਮਨਸ਼ਾ ਬਾਰੇ ਗੱਲ ਕਰਦਿਆਂ ਪੰਥ ਸੇਵਕਾਂ ਨੇ ਕਿਹਾ ਕਿ ਇਹ ਸਮੁੱਚੇ ਹਾਲਾਤ ਇੰਨੇ ਗੰਭੀਰ ਹਨ ਕਿ ਇਨਾਂ ਦਾ ਨਤੀਜਾ ਦਿੱਲੀ ਦਰਬਾਰ ਵੱਲੋਂ ਪੰਜਾਬ ਤੇ ਸਿੱਖਾਂ ਨੂੰ ਇਕੱਲਿਆ ਨਿਖੇੜ ਕੇ ਸਿੱਧੇ ਨਿਸ਼ਾਨੇ ਉੱਤੇ ਲਿਆਉਣ ਵੱਲ ਹੀ ਨਿੱਕਲਦਾ ਵਿਖਾਈ ਦੇ ਰਿਹਾ ਹੈ। ਸੰਕਟ ਦੇ ਮੌਜੂਦਾ ਦੌਰ ਵਿਚ ਸਿੱਖਾਂ ਨੂੰ ਕੀ ਕਰਨ ਦੀ ਲੋੜ ਹੈ | ਇਸ ਬਾਰੇ ਪੰਥਕ ਸਖ਼ਸੀਅਤਾ ਨੇ ਆਪਣੀ ਰਾਏ ਪੇਸ਼ ਕਰਦਿਆਂ ਕਿਹਾ ਕਿ ਆਪੋ ਧਾਪੀ ਦਾ ਮਾਹੌਲ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹਿੱਤ ਵਿੱਚ ਨਹੀਂ। ਗੁਰੂ ਸਾਹਿਬ ਨੇ ਸਿੱਖਾ ਨੂੰ ਅਜਿਹੇ ਹਾਲਾਤ ਵਿੱਚ ਆਪਸੀ ਸੰਵਾਦ ਰਾਹੀਂ ਏਕਾ ਬਣਾਉਣ ਦਾ ਮਾਰਗ ਬਖਸਿਸ ਕੀਤਾ ਹੈ।

ਇਸ ਵੇਲੇ ਗੁਰੂ ਖਾਲਸਾ ਪੰਥ ਅਤੇ ਗੁਰ-ਸੰਗਤ ਨੂੰ ਆਪਣੀ ਸਮੂਹਿਕ ਭਾਵਨਾ ਦੇ ਪ੍ਰਗਟਾਵੇ ਲਈ ਪੰਥਕ ਰਿਵਾਇਤ ਦਾ ਪੱਲਾ ਫੜਨ ਦੀ ਸਖ਼ਤ ਲੋੜ ਹੈ। ਇਸ ਵਾਸਤੇ ਦੋ ਪੱਖਾਂ ਉੱਤੇ ਸਾਂਝੇ ਯਤਨਾਂ ਦੀ ਲੋੜ ਹੈ। ਪਹਿਲਾ, ਪੰਚ ਪ੍ਰਧਾਨੀ ਪ੍ਰਣਾਲੀ ਰਾਹੀਂ ਸਾਂਝੀ ਪੰਥਕ ਅਗਵਾਹੀ ਉਭਾਰਨਾ ਅਤੇ ਦੂਜਾ ਗੁਰੂ ਖਾਲਸਾ ਪੰਥ ਦੇ ਸਾਝੇ ਫੈਸਲੇ ਲੈਣ ਲਈ ਗੁਰਮਤਾ ਵਿਧੀ ਵਿਧਾਨ ਲਾਗੂ ਕਰਨਾ ਪੱਤਰਕਾਰ ਨਾਲ ਗੱਲਬਾਤ ਦੌਰਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਕਿ ਅਸੀਂ ਪਿਛਲੇ ਛੇ ਮਹੀਨਿਆਂ ਦੌਰਾਨ ਸਿੱਖ ਸੰਪਰਦਾਵਾਂ, ਸੰਸਥਾਵਾਂ, ਪੰਥਕ ਸਖਸੀਅਤਾਂ ਵਿਚਾਰਵਾਨਾ, ਵਿਦਵਾਨਾਂ, ਨੌਜੁਆਨਾਂ ਅਤੇ ਪ੍ਰਚਾਰਕਾਂ ਨਾਲ ਸੰਵਾਦ ਕੀਤਾ ਹੈ।

ਇਸ ਦੀ ਅਗਲੀ ਕੜੀ ਤਹਿਤ 28 ਜੂਨ 2023 ਨੂੰ ਮੀਰੀ-ਪੀਰੀ ਦਿਵਸ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਜਾਵੇਗੀ, ਜਿਸ ਵਿਚ ਸ਼ਮੂਲੀਅਤ ਲਈ ਦੇਸ਼-ਵਿਦੇਸ਼ ਤੋਂ ਸਿੱਖ ਸੰਪਰਦਾਵਾਂ, ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੱਦਾ ਦਿਤਾ ਜਾਵੇਗਾ। ਵਿਸ਼ਵ ਸਿੱਖ ਇਕੱਤਰਤਾ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਨ ਅਤੇ ਇਸ ਦੀ ਸੇਵਾ ਸੰਭਾਲ ਪੰਥਕ ਰਿਵਾਇਤਾ ਅਨੁਸਾਰ ਕਰਨ ਬਾਰੇ ਸਾਂਝਾ ਫੈਸਲਾ ਲਿਆ ਜਾਵੇ |

ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਸੇਵਾ-ਸੰਭਾਲ ਵਿੱਚ ਪੰਚ ਪ੍ਰਧਾਨੀ ਅਗਵਾਹੀ ਅਤੇ ਗੁਰਮਤੇ ਦੀ ਬਹਾਲੀ ਨਾਲ ਹੀ ਦਿੱਲੀ ਦਰਬਾਰ ਦੇ ਹਮਲੇ ਰੋਕੇ ਜਾ ਸਕਦੇ ਹਨ ਤੇ ਸਿੱਖ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਪਿੱਛੇ ਛੁਪੀਆ ਸੰਭਾਵਨਾਵਾਂ ਨੂੰ ਪ੍ਰਾਪਤ ਕਰ ਸਕਦੇ ਹਨ |

Scroll to Top