ਪੰਜਾਬ 'ਚ ਨਿਵੇਸ਼

ਦੁਨੀਆ ਭਰ ਦੀਆਂ ਨਾਮੀ ਕੰਪਨੀਆਂ ਪੰਜਾਬ ‘ਚ ਨਿਵੇਸ਼ ਕਰਨ ਲਈ ਤਿਆਰ: CM ਭਗਵੰਤ ਮਾਨ

ਪੰਜਾਬ, 16 ਅਕਤੂਬਰ 2025: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਨਿਵੇਸ਼ ਕਰਨਾ ਹੁਣ ਸਿਰਫ਼ ਮੁਨਾਫ਼ੇ ਦਾ ਸੌਦਾ ਨਹੀਂ, ਸਗੋਂ ਇੱਕ ਲੰਬੀ ਮਿਆਦ ਦੀ ਭਾਈਵਾਲੀ ਦਾ ਮੌਕਾ ਹੈ। ਉਨ੍ਹਾਂ ਨੇ ਉਦਯੋਗਪਤੀਆਂ ਸਾਹਮਣੇ ਸੂਬੇ ਦੀਆਂ ਨਿਵੇਸ਼-ਪੱਖੀ ਨੀਤੀਆਂ, ਨਿਰਵਿਘਨ ਬਿਜਲੀ ਸਪਲਾਈ ਅਤੇ ਸਰਕਾਰ ਦੇ ਪੂਰਨ ਸਹਿਯੋਗ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਨਿਵੇਸ਼ਕਾਂ ਨੂੰ ਸੁਰੱਖਿਆ, ਸਥਿਰਤਾ ਅਤੇ ਸਫਲਤਾ ਦੀ ਗਾਰੰਟੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ‘ਚ ਅਮਨ, ਭਾਈਚਾਰਾ ਅਤੇ ਸਦਭਾਵਨਾ ਦਾ ਮਾਹੌਲ ਹੈ, ਜੋ ਹਰ ਨਿਵੇਸ਼ਕ ਲਈ ਆਦਰਸ਼ ਸਥਿਤੀ ਪ੍ਰਦਾਨ ਕਰਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਾਲਾਂ ‘ਚ “ਕਾਰੋਬਾਰ ਕਰਨ ਦੀ ਸੌਖ (Ease of Doing Business)” ਨੂੰ ਸਾਕਾਰ ਰੂਪ ਦੇਣ ਲਈ ਕਈਂ ਕਦਮ ਚੁੱਕੇ ਹਨ। ਉਦਯੋਗਾਂ ਲਈ ਪ੍ਰਕਿਰਿਆਵਾਂ ਨੂੰ ਸੌਖਾ ਬਣਾਇਆ ਹੈ, ਪ੍ਰਵਾਨਗੀ ਪ੍ਰਣਾਲੀ ਨੂੰ ਤੇਜ਼ ਕੀਤਾ ਗਿਆ ਹੈ ਅਤੇ ਤਕਨੀਕ-ਆਧਾਰਿਤ ਪਾਰਦਰਸ਼ੀ ਸ਼ਾਸਨ ਨੂੰ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਦੀਆਂ 123 ਤੋਂ ਵੱਧ ਨਾਮਵਰ ਕੰਪਨੀਆਂ ਨੇ ਹੁਣ ਤੱਕ ਪੰਜਾਬ ‘ਚ ₹1.23 ਲੱਖ ਕਰੋੜ ਦੇ ਨਿਵੇਸ਼ ਪ੍ਰਸਤਾਵ ਦਿੱਤੇ ਹਨ।

ਬੈਂਗਲੁਰੂ ‘ਚ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਹੁਨਰਮੰਦ ਮਨੁੱਖੀ ਸਰੋਤ, ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਅਤੇ ਨਵਿਆਉਣਯੋਗ ਊਰਜਾ ਸਰੋਤ ਉਦਯੋਗਾਂ ਲਈ ਅਨਮੋਲ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਸ਼ਕਤੀ, ਆਧੁਨਿਕ ਸੋਚ ਅਤੇ ਨਵੀਨਤਾ ਦੀ ਭਾਵਨਾ ਪੰਜਾਬ ਨੂੰ ਦੇਸ਼ ਦਾ ਸਭ ਤੋਂ ਗਤੀਸ਼ੀਲ ਉਦਯੋਗਿਕ ਹੱਬ ਬਣਾ ਰਹੀ ਹੈ। ਭਾਵੇਂ ਉਹ ਟੈਕਸਟਾਈਲ ਹੋਵੇ, ਆਟੋਮੋਬਾਈਲ, ਫੂਡ ਪ੍ਰੋਸੈਸਿੰਗ ਜਾਂ ਆਈ.ਟੀ. — ਹਰ ਖੇਤਰ ‘ਚ ਪੰਜਾਬ ਹੁਣ ਮੋਹਰੀ ਭੂਮਿਕਾ ਨਿਭਾ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਾਰਚ 2026 ‘ਚ ਮੋਹਾਲੀ ਵਿੱਚ ਹੋਣ ਜਾ ਰਹੇ “ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ” ‘ਚ ਉਦਯੋਗਪਤੀ ਜ਼ਰੂਰ ਭਾਗ ਲੈਣ। ਇਹ ਸੰਮੇਲਨ ਨਿਵੇਸ਼ਕਾਂ, ਨੀਤੀ ਘਾੜਿਆਂ ਅਤੇ ਖੋਜਕਰਤਾਵਾਂ ਨੂੰ ਇੱਕ ਮੰਚ ‘ਤੇ ਲਿਆਵੇਗਾ ਤਾਂ ਜੋ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਦਯੋਗਾਂ ਦੇ ਸੁਝਾਵਾਂ ਅਤੇ ਨਵੀਨਤਾਵਾਂ ਨੂੰ ਮਹੱਤਵ ਦਿੰਦੀ ਹੈ। ਸਰਕਾਰ ਨਾ ਸਿਰਫ਼ ਨਿਵੇਸ਼ ਨੂੰ ਉਤਸ਼ਾਹਿਤ ਕਰਦੀ ਹੈ, ਸਗੋਂ ਨਿਵੇਸ਼ਕਾਂ ਨਾਲ ਭਾਈਵਾਲੀ ਨੂੰ ਵੀ ਓਨੀ ਹੀ ਗੰਭੀਰਤਾ ਨਾਲ ਨਿਭਾਉਂਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਤਿੰਨ ਸਾਲਾਂ ‘ਚ ਪੰਜਾਬ ਨੇ ਉਦਯੋਗਿਕ ਜਗਤ ‘ਚ ਤਰੱਕੀ ਕੀਤੀ ਹੈ, ਸੂਬਾ ਹੁਣ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਆਟੋ ਕੰਪੋਨੈਂਟਸ, ਸਾਈਕਲ ਨਿਰਮਾਣ, ਸੈਰ-ਸਪਾਟਾ ਅਤੇ ਆਈ.ਟੀ. ਵਰਗੇ ਖੇਤਰਾਂ ‘ਚ ਮੋਹਰੀ ਬਣ ਚੁੱਕਾ ਹੈ। ਇਸ ਵਿਕਾਸ ਨੇ ਨਾ ਸਿਰਫ਼ ਸੂਬੇ ਦੀ ਅਰਥਵਿਵਸਥਾ ਨੂੰ ਗਤੀ ਦਿੱਤੀ ਹੈ, ਸਗੋਂ ਨੌਜਵਾਨਾਂ ਲਈ ਲੱਖਾਂ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਹਨ। ₹1.23 ਲੱਖ ਕਰੋੜ ਦੇ ਨਿਵੇਸ਼ ਪ੍ਰਸਤਾਵਾਂ ਤੋਂ ਅਨੁਮਾਨਿਤ 4.7 ਲੱਖ ਨਵੀਆਂ ਨੌਕਰੀਆਂ ਦਾ ਸਿਰਜਣ ਹੋਣ ਦੀ ਸੰਭਾਵਨਾ ਹੈ |

Read More: ਹੈਪੀ ਫੋਰਜਿੰਗਜ਼ ਦਾ 438 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਦੀ ਆਟੋ ਸਪਲਾਈ ਚੇਨ ਨੂੰ ਕਰੇਗਾ ਮਜ਼ਬੂਤ: ਸੰਜੀਵ ਅਰੋੜਾ

Scroll to Top