ਐਸ.ਏ.ਐਸ.ਨਗਰ, 8 ਮਈ, 2024: ਵਿਸ਼ਵ ਰੈੱਡ ਕਰਾਸ ਦਿਵਸ ਜੋ ਕਿ ਇਸ ਦੇ ਸਹਿ-ਸੰਸਥਾਪਕ ਜੀਨ ਹੈਨਰੀ ਡੁਨਟ ਦੇ ਜਨਮ ਦਿਨ ‘ਤੇ ਮਨਾਇਆ ਜਾਂਦਾ ਹੈ, ਮੌਕੇ ਅਤੇ ਭਾਈ ਘਨੱਈਆ ਦੀਆਂ ਮਾਨਵਤਾ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਯਾਦ ਕਰਨ ਲਈ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਐਸ.ਏ.ਐਸ.ਨਗਰ ਵੱਲੋਂ ਅੱਜ ਵਿਸ਼ਵਾਸ ਫਾਊਂਡੇਸ਼ਨ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ (Blood Donation Camp) ਲਗਾਇਆ ਗਿਆ।
ਚੋਣ ਖਰਚਾ ਨਿਗਰਾਨ 06-ਅਨੰਦਪੁਰ ਸਾਹਿਬ ਸ਼ਿਲਪੀ ਸਿਨਹਾ ਨੇ ਡੀ.ਸੀ ਸ਼੍ਰੀਮਤੀ ਆਸ਼ਿਕਾ ਜੈਨ ਅਤੇ ਐਸ.ਐਸ.ਪੀ ਡਾ. ਸੰਦੀਪ ਗਰਗ ਦੀ ਮੌਜੂਦਗੀ ਚ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਅਤੇ ਜੀਨ ਹੈਨਰੀ ਡੁਨਟ ਅਤੇ ਭਾਈ ਘਨੱਈਆ ਜੀ ਦੀਆਂ ਤਸਵੀਰਾਂ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਨੇ ਡੀ ਏ ਸੀ ਕੰਪਲੈਕਸ ਮੁਹਾਲੀ ਦੇ ਪਾਰਕ ਵਿੱਚ ਪੌਦਾ ਲਗਾ ਕੇ ਸਾਫ਼ ਸੁਥਰੇ ਅਤੇ ਹਰੇ ਭਰੇ ਵਾਤਾਵਰਨ ਦਾ ਸੁਨੇਹਾ ਦਿੱਤਾ। ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਖਰਚਾ ਨਿਗਰਾਨ ਸ਼੍ਰੀਮਤੀ ਸਿਨਹਾ ਨੂੰ ਜ਼ਿਲ੍ਹਾ ਸਵੀਪ ਟੀਮ ਵੱਲੋਂ ਖ਼ੂਨਦਾਨੀਆਂ ਨੂੰ ਵੋਟਰ ਵਜੋਂ 1 ਜੂਨ 2024 ਨੂੰ ਨਿਭਾਏ ਜਾਣ ਵਾਲੇ ਉਨ੍ਹਾਂ ਦੇ ਇੱਕ ਹੋਰ ਅਹਿਮ ਫਰਜ਼ ਤੋਂ ਜਾਣੂ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਵਿੱਚ ਵੋਟ ਪਾਉਣ ਦਾ ਸੰਦੇਸ਼, “ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੀ ਵੱਖਰੀ ਪਛਾਣ, ਅੱਜ ਖੂਨਦਾਨ, ਇਕ ਜੂਨ ਨੂੰ ਮੱਤਦਾਨ,” ਪ੍ਰਦਰਸ਼ਿਤ ਕੀਤਾ ਹੋਇਆ ਸੀ। ਡਿਪਟੀ ਕਮਿਸ਼ਨਰ ਜੋ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਐਸ.ਏ.ਐਸ.ਨਗਰ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਜ਼ਿਲ੍ਹਾ ਸਿਵਲ ਹਸਪਤਾਲ ਦੀ ਬਲੱਡ ਟਰਾਂਸਫਿਊਜ਼ਨ ਟੀਮ ਦੇ ਸਹਿਯੋਗ ਨਾਲ ਕੈਂਪ (Blood Donation Camp) ਦੌਰਾਨ ਕੁੱਲ 63 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਸਕੂਲੀ ਵਿਦਿਆਰਥੀਆਂ ਲਈ ਐੱਚ.ਆਈ.ਵੀ./ਏਡਜ਼, ਨਸ਼ਾਖੋਰੀ, ਪੌਦੇ ਲਗਾਉਣ, ਵਾਤਾਵਰਨ, ਪਾਣੀ ਦੀ ਸੰਭਾਲ ਆਦਿ ਬਾਰੇ ਜਾਗਰੂਕਤਾ ਸੈਮੀਨਾਰ ਕਰਵਾ ਕੇ ਮਾਨਵਤਾ ਦੀ ਸੇਵਾ ਵਿੱਚ ਹਮੇਸ਼ਾ ਸਰਗਰਮ ਰਹਿੰਦੀ ਹੈ।
ਮੋਹਾਲੀ ਸਥਿਤ ਟਾਈਨਰ ਆਰਥੋਟਿਕਸ ਨੇ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਦੇ ਕੇ ਕੈਂਪ ਵਿੱਚ ਯੋਗਦਾਨ ਪਾਇਆ। ਖੂਨਦਾਨ ਕਰਨ ਵਾਲਿਆਂ ਨੂੰ 1 ਜੂਨ, 2024 ਨੂੰ ਵੋਟ ਪਾਉਣ ਦੇ ਸੁਨੇਹੇ ਵਾਲੇ ਛੱਲਿਆਂ ਦੇ ਨਾਲ ਸਰਟੀਫਿਕੇਟ ਦਿੱਤੇ ਗਏ। ਜ਼ਿਲ੍ਹਾ ਨੋਡਲ ਅਫਸਰ, ਸਵੀਪ, ਪ੍ਰੋ: ਗੁਰਬਖਸੀਸ਼ ਸਿੰਘ ਅੰਟਾਲ ਨੇ 34ਵੀਂ ਵਾਰ ਕੈਂਪ ਵਿੱਚ ਖੂਨਦਾਨ ਕੀਤਾ ਅਤੇ ਖਰਚਾ ਨਿਗਰਾਨ ਅਤੇ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ.(ਜ) ਵਿਰਾਜ ਐਸ.ਤਿੜਕੇ, ਐਸ.ਡੀ.ਐਮ ਮੋਹਾਲੀ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ-ਕਮ-ਆਨਰੇਰੀ ਸਕੱਤਰ ਰੈਡ ਕਰਾਸ ਹਰਮਿੰਦਰ ਸਿੰਘ ਹੁੰਦਲ, ਸਕੱਤਰ ਜ਼ਿਲ੍ਹਾ ਰੈਡ ਕਰਾਸ ਹਰਬੰਸ ਸਿੰਘ ਅਤੇ ਗੁੱਡ ਗਵਰਨੈਂਸ ਫੈਲੋ ਵਿਜੇ ਲਕਸ਼ਮੀ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਮੌਜੂਦ ਸਨ।