ਚੰਡੀਗੜ੍ਹ, 30 ਮਈ, 2024: (World No Tobacco Day) ਤੰਬਾਕੂ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ | ਸਿਗਰਟਨੋਸ਼ੀ ਮਾਨਸਿਕ ਸਿਹਤ ਦੇ ਨਾਲ-ਨਾਲ ਸਰੀਰਕ ਸਿਹਤ ‘ਤੇ ਵੀ ਮਾੜਾ ਅਸਰ ਪਾ ਸਕਦੀ ਹੈ। ਸਿਗਰਟਨੋਸ਼ੀ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਨੂੰ ਜਾਣਨ ਦੇ ਬਾਵਜੂਦ, ਦੁਨੀਆ ਭਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਦਾ ਸੇਵਨ ਕਰਦੇ ਹਨ। ਬੀੜੀ, ਸਿਗਰਟ ਅਤੇ ਗੁਟਖਾ ਆਦਿ ਦਾ ਸੇਵਨ ਕਈ ਬਿਮਾਰੀਆਂ ਦਾ ਖਤਰਾ ਵਧਾ ਦਿੰਦਾ ਹੈ।
ਸਿਗਰਟਨੋਸ਼ੀ ਧਮਨੀਆਂ ਨੂੰ ਕਮਜ਼ੋਰ ਕਰਦੀ ਹੈ ਅਤੇ ਕੋਰੋਨਰੀ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦਾ ਕਾਰਨ ਬਣ ਸਕਦੀ ਹੈ। ਕੁਝ ਅਧਿਐਨਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਸਿਗਰਟਨੋਸ਼ੀ ਪਿਛਲੇ ਕੁਝ ਸਾਲਾਂ ਵਿੱਚ ਦਿਲ ਦੇ ਦੌਰੇ ਵਿੱਚ ਵਿਸ਼ਵਵਿਆਪੀ ਵਾਧੇ ਦਾ ਇੱਕ ਸੰਭਾਵੀ ਕਾਰਕ ਹੈ। ਇਸ ਤੋਂ ਇਲਾਵਾ ਤੰਬਾਕੂ ਦੀ ਵਰਤੋਂ ਨਾਲ ਕੈਂਸਰ ਜਾਂ ਫੇਫੜਿਆਂ ਦੀ ਬੀਮਾਰੀ ਵੀ ਹੋ ਸਕਦੀ ਹੈ।
ਅਜਿਹੀ ਸਥਿਤੀ ਵਿੱਚ, ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਸਾਲ ਵਿਸ਼ਵ ਤੰਬਾਕੂ ਰਹਿਤ ਦਿਹਾੜਾ ਮਨਾਇਆ ਜਾਂਦਾ ਹੈ। ਵਿਸ਼ਵ ਤੰਬਾਕੂ ਰਹਿਤ ਦਿਹਾੜਾ ਮਨਾਉਣ ਦੀ ਲੋੜ ਕਦੋਂ ਅਤੇ ਕਿਉਂ ਮਹਿਸੂਸ ਹੋਈ, ਇਸ ਦਿਨ ਦੀ ਮਹੱਤਤਾ ਆਦਿ ਬਾਰੇ ਜਾਣ ਕੇ ਹੋਰਨਾਂ ਨੂੰ ਵੀ ਜਾਗਰੂਕ ਕੀਤਾ ਜਾ ਸਕਦਾ ਹੈ।
ਕਦੋਂ ਹੋਈ ਵਿਸ਼ਵ ਤੰਬਾਕੂ ਰਹਿਤ ਦਿਹਾੜੇ ਦੀ ਸ਼ੁਰੂਆਤ ?
ਵਿਸ਼ਵ ਸਿਹਤ ਸੰਗਠਨ ਨੇ ਸਾਲ 1987 ਵਿੱਚ ਤੰਬਾਕੂ ਰਹਿਤ ਦਿਵਸ (World No Tobacco Day) ਮਨਾਉਣ ਦਾ ਫੈਸਲਾ ਕੀਤਾ ਸੀ। ਇਸ ਦਾ ਕਾਰਨ ਉਸ ਸਮੇਂ ਦੌਰਾਨ ਤੰਬਾਕੂ ਦੇ ਸੇਵਨ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਸੀ। ਅਗਲੇ ਸਾਲ ਭਾਵ 1988 ਵਿੱਚ ਵਿਸ਼ਵ ਤੰਬਾਕੂ ਰਹਿਤ ਦਿਹਾੜਾ ਪਹਿਲੀ ਵਾਰ ਅਪ੍ਰੈਲ ਮਹੀਨੇ ਵਿੱਚ ਮਨਾਇਆ ਗਿਆ। ਹਾਲਾਂਕਿ, ਬਾਅਦ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਈ ਮਹੀਨੇ ਵਿੱਚ ਮਨਾਇਆ ਜਾਣ ਲੱਗਾ। ਬਾਅਦ ਵਿੱਚ ਇਹ ਦਿਨ ਹਰ ਸਾਲ 31 ਮਈ ਨੂੰ ਮਨਾਇਆ ਜਾਣ ਲੱਗਾ।
1988 ਵਿੱਚ ਮਈ ਦੇ ਆਖਰੀ ਦਿਨ ਵਿਸ਼ਵ ਤੰਬਾਕੂ ਰਹਿਤ ਦਿਹਾੜਾ ਮਨਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਤੰਬਾਕੂ ਦੇ ਸੇਵਨ ਨੂੰ ਰੋਕਣ ਅਤੇ ਇਸ ਨਾਲ ਹੋਣ ਵਾਲੀਆਂ ਸਮੱਸਿਆਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾਣ ਲੱਗਾ।