July 2, 2024 4:21 pm
World Cup

World Cup 2023: ਆਸਟ੍ਰੇਲੀਆ ਦਾ ਇਹ ਦਿੱਗਜ਼ ਖਿਡਾਰੀ ਇੰਗਲੈਂਡ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਬਾਹਰ

ਚੰਡੀਗੜ੍ਹ, 01 ਨਵੰਬਰ 2023: ਆਸਟ੍ਰੇਲੀਆ ਦੀ ਟੀਮ ਵਿਸ਼ਵ ਕੱਪ (World Cup) ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਲਗਾਤਾਰ ਦੋ ਹਾਰਾਂ ਨਾਲ ਸ਼ੁਰੂਆਤ ਕਰਨ ਵਾਲੀ ਇਸ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਅਗਲੇ ਚਾਰ ਮੈਚ ਜਿੱਤੇ। ਉਹ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ। ਕੰਗਾਰੂ ਟੀਮ ਨੇ ਆਪਣਾ ਅਗਲਾ ਮੈਚ ਸ਼ਨੀਵਾਰ (4 ਨਵੰਬਰ) ਨੂੰ ਖੇਡਣਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗਾ ਹੈ। ਸ਼ਾਨਦਾਰ ਫਾਰਮ ‘ਚ ਚੱਲ ਰਹੇ ਵਿਸਫੋਟਕ ਬੱਲੇਬਾਜ਼ ਗਲੇਨ ਮੈਕਸਵੈੱਲ ਸੱਟ ਕਾਰਨ ਅਗਲੇ ਮੈਚ ‘ਚ ਨਹੀਂ ਖੇਡ ਸਕਣਗੇ।

ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਕਸਵੈੱਲ ਸੋਮਵਾਰ ਨੂੰ ਕ੍ਰਿਕਟ ਦੀ ਬਜਾਏ ਗੋਲਫ ਖੇਡ ਰਿਹਾ ਸੀ। ਇਸ ਦੌਰਾਨ ਉਹ ਜ਼ਖਮੀ ਹੋ ਗਿਆ। ਸੱਟ ਇੰਨੀ ਗੰਭੀਰ ਹੈ ਕਿ ਉਹ ਅਗਲੇ ਮੈਚ ‘ਚ ਨਹੀਂ ਖੇਡ ਸਕੇਗਾ। ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਠੀਕ ਹੋਣ ‘ਚ ਘੱਟੋ-ਘੱਟ ਅੱਠ ਤੋਂ 10 ਦਿਨ ਲੱਗਣਗੇ।

ESPNcricinfo ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਮੈਕਸਵੈੱਲ ਸੋਮਵਾਰ ਨੂੰ ਜ਼ਖਮੀ ਹੋ ਗਿਆ ਸੀ। ਉਹ ਕਲੱਬ ਹਾਊਸ ਵਿੱਚ ਗੋਲਫ ਖੇਡ ਰਿਹਾ ਸੀ। ਉਨ੍ਹਾਂ ਦੇ ਸਾਥੀ ਸਟੀਵ ਸਮਿਥ ਨੇ ਵੀ ਗੋਲਫ ਖੇਡਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਆਸਟ੍ਰੇਲੀਆ ਟੀਮ ਦੇ ਕਈ ਖਿਡਾਰੀ ਨਜ਼ਰ ਆ ਰਹੇ ਹਨ। ਆਸਟਰੇਲੀਆ ਦੇ ਕੋਚ ਐਂਡਰਿਊ ਮੈਕਡੋਨਲਡ ਨੇ ਕਿਹਾ ਕਿ ਮੈਕਸਵੈੱਲ ਆਪਣੀ ਖੇਡ ਪ੍ਰਤੀ ਇਮਾਨਦਾਰ ਹੈ। ਉਹ ਜਲਦੀ ਹੀ ਵਾਪਸ ਆ ਜਾਵੇਗਾ।

ਮੈਕਡੋਨਲਡ ਨੇ ਇਹ ਵੀ ਕਿਹਾ ਕਿ ਇਹ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਮੈਕਸਵੈੱਲ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ। ਇਸ ਤਰ੍ਹਾਂ ਦੀ ਸੱਟ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸਿਰਫ ਇਕ ਮੈਚ ਲਈ ਬਾਹਰ ਹੋਵੇਗਾ।