ਚੰਡੀਗੜ੍ਹ, 29 ਜੁਲਾਈ 2025: ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਸੂਬੇ ‘ਚ ਡਰੇਨਾਂ ਦੀ ਸਫਾਈ ਅਤੇ ਡੈਮਾਂ ਦੀ ਮਜ਼ਬੂਤੀ ਦਾ ਕੰਮ ਪੂਰਾ ਕਰ ਲਿਆ ਹੈ।
ਇੱਕ ਉੱਚ ਪੱਧਰੀ ਬੈਠਕ ‘ਚ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਜਲ ਸਰੋਤ ਵਿਭਾਗ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ 276 ਕਰੋੜ ਰੁਪਏ ਦੇ 1220 ਕੰਮ ਪੂਰੇ ਕੀਤੇ ਹਨ, ਜਿਨ੍ਹਾਂ ਵਿੱਚ ਦਰਿਆਵਾਂ ਦੀ ਰਿਬੈਟਮੈਂਟ, ਸਟੱਡ ਲਾਉਣਾ, ਮਜ਼ਬੂਤੀ ਅਤੇ ਡਰੇਨਾਂ ਦੀ ਸਫਾਈ/ਗਾਰ ਕੱਢਣ ਆਦਿ ਕੰਮ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 600 ਚੈੱਕ ਡੈਮ ਬਣਾਏ ਗਏ ਹਨ ਅਤੇ 1104 ਵਾਧੂ ਚੈੱਕ ਡੈਮ ਨਿਰਮਾਣ ਅਧੀਨ ਹਨ। ਇਸ ਦੇ ਨਾਲ ਹੀ 3905 ਸੋਕ ਪਿਟ ਬਣਾਏ ਜਾ ਰਹੇ ਹਨ, 53400 ਤੋਂ ਵੱਧ ਬਾਂਸ ਦੇ ਪੌਦੇ ਲਗਾਏ ਗਏ ਹਨ ਅਤੇ 226 ਕਿਲੋਮੀਟਰ ਵੈਟੀਵਰ ਘਾਹ ਲਗਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ 850 ਡਰੇਨਾਂ ‘ਚੋਂ ਇਸ ਸਾਲ 601 ਡਰੇਨਾਂ ਦੀ ਸਫਾਈ ਦੀ ਲੋੜ ਸੀ, ਜੋ ਕਿ ਪੂਰੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 4766 ਕਿਲੋਮੀਟਰ ਡਰੇਨਾਂ ਦੀ ਸਫਾਈ ਕੀਤੀ ਜਾ ਚੁੱਕੀ ਹੈ।
ਬਰਿੰਦਰ ਗੋਇਲ ਨੇ ਦੱਸਿਆ ਕਿ ਵਿਭਾਗ ਨੇ ਵਿਭਾਗੀ ਮਸ਼ੀਨਰੀ ਦੀ ਵਰਤੋਂ ਕਰਕੇ ਡਰੇਨਾਂ ਦੀ ਡੀਸਿਲਟਿੰਗ/ਸਫਾਈ ਦਾ ਕੰਮ ਕੀਤਾ ਹੈ। ਮੰਤਰੀ ਗੋਇਲ ਨੇ ਦੱਸਿਆ ਕਿ ਵਿਭਾਗੀ ਮਸ਼ੀਨਰੀ ਨਾਲ ਠੇਕੇਦਾਰਾਂ ਦੇ ਕੰਮ ਦੇ ਮੁਕਾਬਲੇ ਲਾਗਤ ‘ਚ 65 ਪ੍ਰਤੀਸ਼ਤ ਦੀ ਬੱਚਤ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਕੋਲ ਇਸ ਵੇਲੇ 15 ਮਸ਼ੀਨਾਂ ਹਨ ਅਤੇ 3 ਹੋਰ ਮਸ਼ੀਨਾਂ ਛੇਤੀ ਹੀ ਵਿਭਾਗ ਦੇ ਬੇੜੇ ‘ਚ ਸ਼ਾਮਲ ਕੀਤੀਆਂ ਜਾਣਗੀਆਂ।
ਜਲ ਸਰੋਤ ਮੰਤਰੀ ਨੇ ਦੱਸਿਆ ਕਿ ਵਿਭਾਗੀ ਮਸ਼ੀਨਰੀ ਦੀ ਮੱਦਦ ਨਾਲ ਅੰਮ੍ਰਿਤਸਰ, ਗੁਰਦਾਸਪੁਰ, ਰੋਪੜ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ 110 ਥਾਵਾਂ ‘ਤੇ ਡੀਸਿਲਟਿੰਗ/ਸਫ਼ਾਈ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ‘ਚ ਜਿਨ੍ਹਾਂ ਥਾਵਾਂ ‘ਤੇ ਬੰਨ੍ਹ ਟੁੱਟੇ ਸਨ, ਉਨ੍ਹਾਂ ਥਾਵਾਂ ਨੂੰ ਵਿਸ਼ੇਸ਼ ਤੌਰ ‘ਤੇ ਮਜ਼ਬੂਤ ਕੀਤਾ ਗਿਆ ਹੈ ਅਤੇ ਸਾਵਧਾਨੀ ਵਜੋਂ ਸੂਬੇ ‘ਚ 94 ਥਾਵਾਂ ‘ਤੇ ਰੇਤ ਦੀਆਂ ਬੋਰੀਆਂ ਰੱਖੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਕੰਟਰੋਲ ਵਾਲੇ ਖੇਤਰਾਂ ‘ਚ ਨਿਰੰਤਰ ਨਿਗਰਾਨੀ ਰੱਖਣ ਅਤੇ ਰੋਜ਼ਾਨਾ ਰਿਪੋਰਟਾਂ ਮੁੱਖ ਦਫ਼ਤਰ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਵਿਭਾਗ ਨੇ 8.76 ਲੱਖ ਸੈਂਡ ਬੈਗ ਖਰੀਦੇ ਹਨ। ਇਨ੍ਹਾਂ ‘ਚੋਂ 3.24 ਲੱਖ ਬੋਰੀਆਂ ਭਰ ਕੇ ਰੱਖੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵੀ ਪਹਿਲੀ ਵਾਰ ਹੈ ਜਦੋਂ ਵਿਭਾਗ ਨੇ 10,300 ਜੰਬੋ ਬੈਗ ਖਰੀਦੇ ਹਨ ਤਾਂ ਜੋ ਪਾੜ ਨੂੰ ਤੁਰੰਤ ਭਰਿਆ ਜਾ ਸਕੇ।
ਡੈਮਾਂ ‘ਚ ਪਾਣੀ ਦੇ ਪੱਧਰ ਬਾਰੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਰੇ ਪ੍ਰਮੁੱਖ ਡੈਮਾਂ ਦਾ ਪੱਧਰ ਸੁਰੱਖਿਅਤ ਸੀਮਾਵਾਂ ਦੇ ਅੰਦਰ ਹੈ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਇਸ ਸਮੇਂ 1618.38 ਫੁੱਟ ‘ਤੇ ਹੈ, ਜੋ ਕਿ ਪਿਛਲੇ 20 ਸਾਲਾਂ ਦੀ ਔਸਤ ਲੋੜ ਨਾਲ ਮੇਲ ਖਾਂਦਾ ਹੈ। ਉਨ੍ਹਾਂ ਦੱਸਿਆ ਕਿ 1680 ਫੁੱਟ ਦੀ ਵੱਧ ਤੋਂ ਵੱਧ ਸਮਰੱਥਾ ਵਾਲੇ ਭਾਖੜਾ ਡੈਮ ਦਾ ਪੱਧਰ ਹੁਣ 2023 ਦੇ ਹੜ੍ਹ ਦੇ ਪੱਧਰ ਤੋਂ 47 ਫੁੱਟ ਹੇਠਾਂ ਹੈ।
ਇਸੇ ਤਰ੍ਹਾਂ, 1390 ਫੁੱਟ ਦੀ ਵੱਧ ਤੋਂ ਵੱਧ ਸਮਰੱਥਾ ਵਾਲੇ ਪੌਂਗ ਡੈਮ ਦਾ ਪੱਧਰ 1346.15 ਫੁੱਟ ‘ਤੇ ਹੈ, ਜੋ ਕਿ 2023 ਦੇ ਹੜ੍ਹ ਦੇ ਪੱਧਰ ਤੋਂ 30.78 ਫੁੱਟ ਹੇਠਾਂ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਾਗਰ ਡੈਮ, ਜਿਸਦੀ ਵੱਧ ਤੋਂ ਵੱਧ ਸਮਰੱਥਾ 1731.55 ਫੁੱਟ ਹੈ, ਇਸ ਸਮੇਂ 1664.72 ਫੁੱਟ ‘ਤੇ ਹੈ, ਜੋ ਕਿ 20 ਸਾਲਾਂ ਦੇ ਔਸਤ ਨਾਲੋਂ 5.49 ਫੁੱਟ ਘੱਟ ਹੈ ਅਤੇ 2023 ਦੇ ਹੜ੍ਹ ਦੇ ਪੱਧਰ ਤੋਂ 54 ਫੁੱਟ ਘੱਟ ਹੈ।




