ਧੁੱਸੀ ਬੰਨ੍ਹ

ਵਰਦੇ ਮੀਂਹ ‘ਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਪੂਰਨ ਦੀ ਚੱਲਦੀ ਰਹੀ ਕਾਰਸੇਵਾ, ਲੋਕਾਂ ਨੇ ਮੋਹਲੇਧਾਰ ਮੀਂਹ ਦੀ ਵੀ ਨਹੀ ਕੀਤੀ ਪਰਵਾਹ

ਸੁਲਤਾਨਪੁਰ ਲੋਧੀ, 22 ਜੁਲਾਈ 2023: ਦਰਿਆ ਦੇ ਧੁੱਸੀ ਬੰਨ੍ਹ ਵਿੱਚ ਗੱਟਾ ਮੁੱਡੀ ਕਾਸੂ ਨੇੜੇ ਪਏ ਪਾੜ ਨੂੰ ਪੂਰਨ ਦੀ ਕਾਰਸੇਵਾ ਵਰਦੇ ਮੀਂਹ ਦੌਰਾਨ ਵੀ ਚੱਲਦੀ ਰਹੀ। ਮੀਂਹ ਤੇ ਹਵਾ ਇੰੰਨੀ ਤੇਜ ਸੀ ਕਿ ਉੱਥੇ ਖੜਨਾ ਵੀ ਮੂਸ਼ਕਿਲ ਹੋ ਰਿਹਾ ਸੀ। ਧੱੁਸੀ ਬੰਨ੍ਹ ਉੱਪਰ ਮੀਂਹ ਕਾਰਨ ਟਰੈਕਟਰ ਟਰਾਲੀਆਂ ਖੁਭਦੀਆਂ ਰਹੀਆਂ ਪਰ ਵਰਦਾ ਤੇਜ਼ ਮੀਂਹ ਵੀ ਬੰਨ੍ਹ ਬੰਨਣ ਵਿੱਚ ਜੁੱਟੇ ਕਾਰਸੇਵਕਾਂ ਤੇ ਨੌਜਵਾਨਾਂ ਦੇ ਹੌਸਲੇ ਨੂੰ ਪਸਤ ਨਹੀ ਕਰ ਸਕਿਆ।

ਸੇਵਾਦਾਰਾਂ ਮੀਂਹ ਦੀ ਪਰਵਾਹ ਕੀਤੇ ਬਿਨਾਂ ਲਗਾਤਾਰ ਬੋਰਿਆਂ ਦੇ ਬਣਾਏ ਕਰੇਟ ਪਾਣੀ ਵਿੱਚ ਠੇਲਦੇ ਰਹੇ। ਬੰਨ੍ਹ ਪੂਰਨ ਦੇ ਕਾਰਜ ਦੀ ਅਗਵਾਈ ਕਰ ਰਹੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਵਰਦੇ ਮੀਂਹ ਵਿੱਚ ਕਰੇਨ ਚਲਾਉਂਦੇ ਰਹੇ। ਪਾਣੀ ਪੱਧਰ ਵੱਧਣ ਕਾਰਨ ਬੰਨ੍ਹ ਦੇ ਨਾਲ ਲੱਗਦੇ ਪਿੰਡਾਂ ਦੀਆਂ ਸੜਕਾਂ ਵੀ ਦੋ ਤੋਂ ਢਾਈ ਫੁੱਟ ਤੱਕ ਪਾਣੀ ਵਿੱਚ ਡੱਬ ਗਈਆਂ ਜਿਸ ਕਾਰਨ ਮਿੱਟੀ ਦੀਆਂ ਟਰਾਲੀਆਂ ਬੰਨ੍ਹ ਤੱਕ ਪਹੁੰਚ ਨਹੀ ਸਕੀਆਂ।

ਜਿਸ ਕਾਰਨ ਵੱਖ-ਵੱਖ ਪਿੰਡਾਂ ਤੋਂ ਆਈਆਂ ਮਿੱਟੀ ਦੀਆਂ ਟਰਾਲੀਆਂ ਨੂੰ ਪਿੰਡ ਕੰਗ ਖੁਰਦ ਦੀ ਦਾਣਾ ਮੰਡੀ ਵਿੱਚ ਲਾਹੁਣੀਆਂ ਪਈਆਂ ਕਿਉਂਕਿ ਸੜਕਾਂ ਤੇ ਵਗਦੇ ਪਾਣੀ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਸੀ। ਲਗਾਤਾਰ 5 ਘੰਟੇ ਦੇ ਕਰੀਬ ਪਏ ਇਸ ਮੋਹਲੇਧਾਰ ਮੀਂਹ ਕਾਰਨ ਬਣਾਏ ਜਾ ਰਹੇ ਬੰਨ੍ਹ ਨੂੰ ਵੀ ਇੱਕ ਵਾਰੀ ਢਾਅ ਲਾਈ ਸੀ। ਜਿਸਨੂੰ ਤੁਰੰਤ ਹੀ ਸੰਤ ਸੀਚੇਵਾਲ ਤੇ ਨੌਜਵਾਨਾਂ ਵੱਲੋਂ ਮਿੱਟੀ ਦੇ ਬੋਰਿਆਂ ਨਾਲ ਮਜ਼ਬੂਤ ਕੀਤਾ ਗਿਆ।

ਧੁੱਸੀ ਬੰਨ੍ਹ ਤੇ ਬਣਾਏ ਗਏ ਦੋ ਆਰਜ਼ੀ ਟੈਂਟਾਂ ਵਿੱਚ ਰੱਖਿਆਂ ਸਮਾਨ ਵੀ ਭਿੱਜ ਗਿਆ। ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 925 ਫੱੁਟ ਚੌੜੇ ਪਾੜ ਦਾ ਕੰਮ 30 ਫੀਸਦੀ ਹੋ ਚੱੁਕਾ ਹੈ। ਬੰਨ੍ਹ ਪੂਰਨ ਦਾ ਕਾਰਜ ਜਿਸ ਪਾਸੇ ਸੰਤ ਸਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਵਿੱਚ ਚੱਲ ਰਿਹਾ ਹੈ ਉਸ ਪਾਸੋਂ ਹੁਣ ਤੱਕ 155 ਫੁੱਟ ਬੰਨ੍ਹ ਪੂਰਿਆ ਜਾ ਚੁੁੱਕਾ ਹੈ ਜਦਕਿ ਦੂਜੇ ਪਾਸੇ ਡਰੇਨੇਜ਼ ਵਿਭਾਗ ਵੱਲੋਂ ਕੰਮ ਕਰਵਾ ਰਿਹਾ ਹੈ ਉਧਰੋਂ ਮਹਿਜ਼ 75 ਫੱੁਟ ਹੀ ਬੰਨ੍ਹ ਪੂਰਨ ਦਾ ਕੰਮ ਹੋ ਸਕਿਆ ਹੈ। ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਦੀ ਡੂੰਘਾਈ 30 ਫੁੱਟ ਦੇ ਕਰੀਬ ਹੋਣ ਕਾਰਨ ਸਮਾਂ ਲੱਗ ਰਿਹਾ ਹੈ। ਇਹ ਪਾੜ ਕਰੀਬ 925 ਫੁੱਟ ਦੇ ਕਰੀਬ ਚੌੜਾ ਹੈ।

ਦੁਪਹਿਰੇ ਬਾਅਦ ਮੀਂਹ ਦੇ ਘਟਦੇ ਹੀ ਟਰਾਲੀਆਂ ਮੁੜ ਬੰਨ੍ਹ ਤੇ ਆਉਣ ਲੱਗ ਗਈਆਂ। ਇਸ ਮੌਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਸਤਲੁਜ ਦਰਿਆ ਵਿੱਚ ਵੱਧ ਰਿਹਾ ਪਾਣੀ ਬਣਿਆ ਹੋਇਆ ਹੈ। ਉਹਨਾਂ ਦੱਸਿਆਂ ਕਿ ਇਸ ਹੜ੍ਹ ਕਾਰਨ ਆਪਣੇ ਘਰ ਬਾਰ ਅਤੇ ਸਮਾਨ ਗੁਆ ਚੁੱਕੇ ਪੀੜਤਾਂ ਨੂੰ ਵੀ ਦੋਹਰੀ ਮਾਰ ਪਈ ਹੈ। ਇਸ ਵੇਲੇ ਉਹਨਾਂ ਕੋਲ ਸਿਰ ਲੁਕਾਉਣ ਲਈ ਛੱਤ ਦੀ ਥਾਂ ਤਰਪਾਲ ਹੀ ਬਚੇ ਸਨ।

ਬਾਕਸ ਆਈਟਮ: ਧੱੁਸੀ ਬੰਨ੍ਹ ਤੇ ਬੈਠੇ ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਵੀ ਚਾਰਾ ਲਿਆਉਣ ਵਾਲੀਆਂ ਟਰਾਲੀਆਂ ਵੀ ਕਈ ਥਾਂ ਖੁੱਭ ਗਈਆਂ ਸਨ ਇਹਨਾਂ ਟਰਾਲੀਆਂ ਨੂੰ ਕੱਢਣ ਲਈ ਦੋ ਟਰੈਕਟਰ ਉਚੇਚੇ ਤੌਰ ਤੇ ਲੱਗੇ ਰਹੇ ਤਾਂ ਜੋ ਬੰਨ੍ਹ ਪੂਰਨ ਦਾ ਕੰਮ ਵਿੱਚ ਕੋਈ ਰੁਕਾਵਟ ਨਾ ਆਵੇ। ਵਰਦੇ ਮੀਂਹ ਵਿੱਚ ਵੀ ਪੰਜਾਬ ਭਰ ਤੋਂ ਲੋਕ ਮਿੱਟੀ ਦੀਆਂ ਟਰਾਲੀਆਂ, ਰਾਸ਼ਨ ਤੇ ਰਸਤ ਲੈ ਕੇ ਇਸ ਬੰਨ੍ਹ ਉਪਰ ਲਗਾਤਾਰ ਪਹੁੰਚਦੇ ਰਹੇ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਹਤ ਸਮੱਗਰੀ ਲੈ ਕੇ ਆ ਰਹੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੰਨ੍ਹ ਨੂੰ ਪੂਰਨ ਦੇ ਲਈ ਆਪੋ ਅਪਾਣੇ ਇਲਾਕਿਆਂ ਚੋਂ ਮਿੱਟੀ ਦੇ ਭਰੇ ਬੋਰੇ ਤੇ ਲਗਾਤਾਰ ਚੱਲ ਬੰਨ੍ਹ ਪੂਰਨ ਦੀ ਕਾਰਸੇਵਾ ਵਿੱਚ ਚੱਲ ਰਹੇ ਸਾਧਨਾਂ ਐਕਸਾਵੇਟਰ, ਜੇ.ਸੀ.ਬੀ ਤੇ ਟਰੈਕਟਰ ਟਰਾਲੀਆਂ ਲਈ ਡੀਜ਼ਲ ਦੀ ਸੇਵਾ ਪਹਿਲ ਦੇ ਅਧਾਰ ਤੇ ਕਰਨ। ਉਹਨਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਵਿੱਚ ਸੇਵਾ ਭਾਵਨਾ ਦਾ ਅਥਾਹ ਜ਼ਜਬਾ ਹੈ ਤੇ ਉਹਨਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਕਾਰਨ ਬੰਨ੍ਹ ਪੂਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

Scroll to Top