ਚੰਡੀਗੜ੍ਹ, 21 ਜਨਵਰੀ, 2025: ਮੌਜੂਦਾ ਚੈਂਪੀਅਨ ਭਾਰਤ ਨੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ‘ਚ ਆਪਣਾ ਲਗਾਤਾਰ ਦੂਜਾ ਮੈਚ ਜਿੱਤ ਲਿਆ ਹੈ। ਮੰਗਲਵਾਰ ਨੂੰ ਟੀਮ ਨੇ ਮਲੇਸ਼ੀਆ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀ ਵੈਸ਼ਨਵੀ ਸ਼ਰਮਾ ਨੇ ਇਤਿਹਾਸ ‘ਚ ਆਪਣਾ ਨਾਮ ਦਰਜ ਕਰਵਾ ਲਿਆ ਹੈ ਕਿਉਂਕਿ ਵੈਸ਼ਨਵੀ ਸ਼ਰਮਾ (Vaishnavi Sharma) ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ‘ਚ ਹੈਟ੍ਰਿਕ ਲੈਣ ਵਾਲੀ ਪਹਿਲੀ ਭਾਰਤੀ ਗੇਂਦਬਾਜ਼ ਬਣ ਗਈ ਹੈ। ਇਸਦੇ ਨਾਲ ਹੀ ਵੈਸ਼ਨਵੀ ਨੂੰ ਪਲੇਅਰ ਆਫ ਦ ਮੈਚ ਐਲਾਨਿਆ ਹੈ |
ਵੈਸ਼ਨਵੀ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਵਿੱਚ ਹੈਟ੍ਰਿਕ ਲੈਣ ਵਾਲੀ ਪਹਿਲੀ ਭਾਰਤੀ ਅਤੇ ਕੁੱਲ ਮਿਲਾ ਕੇ ਤੀਜੀ ਗੇਂਦਬਾਜ਼ ਬਣ ਗਈ। ਉਸਦਾ ਗੇਂਦਬਾਜ਼ੀ ਪ੍ਰਦਰਸ਼ਨ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਕਿਸੇ ਵੀ ਗੇਂਦਬਾਜ਼ ਦੁਆਰਾ ਸਭ ਤੋਂ ਵਧੀਆ ਹੈ।
ਵੈਸ਼ਨਵੀ (Vaishnavi Sharma) ਨੇ ਮਲੇਸ਼ੀਆ ਖ਼ਿਲਾਫ ਗਰੁੱਪ ਏ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਚਾਰ ਓਵਰਾਂ ‘ਚ ਪੰਜ ਦੌੜਾਂ ਦੇ ਕੇ ਪੰਜ ਵਿਕਟਾਂ ਝਟਕੀਆਂ, ਜਿਸ ‘ਚ ਇੱਕ ਮੇਡਨ ਓਵਰ ਵੀ ਸ਼ਾਮਲ ਸੀ। ਵੈਸ਼ਨਵੀ ਦੇ ਜ਼ਬਰਦਸਤ ਪ੍ਰਦਰਸ਼ਨ ਕਾਰਨ ਭਾਰਤ ਨੇ ਮਲੇਸ਼ੀਆ ਨੂੰ 10 ਵਿਕਟਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ। ਇਹ ਇਸ ਟੂਰਨਾਮੈਂਟ ‘ਚ ਭਾਰਤ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਨੇ ਵੈਸਟਇੰਡੀਜ਼ ਨੂੰ ਨੌਂ ਵਿਕਟਾਂ ਨਾਲ ਹਰਾਇਆ ਸੀ।
ਮਲੇਸ਼ੀਆ ਨੇ ਪਹਿਲਾਂ ਬੱਲੇਬਾਜ਼ੀ ਕੀਤੀ, ਪਰ ਟੀਮ ਸਿਰਫ਼ 31 ਦੌੜਾਂ ਹੀ ਬਣਾ ਸਕੀ। ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ ਸਿਰਫ਼ 2.5 ਓਵਰਾਂ ਵਿੱਚ ਟੀਚਾ ਪ੍ਰਾਪਤ ਕਰ ਲਿਆ। ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਮਲੇਸ਼ੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ, ਪਰ ਵੈਸ਼ਨਵੀ ਦੀ ਜ਼ਬਰਦਸਤ ਗੇਂਦਬਾਜ਼ੀ ਨੇ ਮਲੇਸ਼ੀਆ ਨੂੰ 14.3 ਓਵਰਾਂ ਵਿੱਚ 31 ਦੌੜਾਂ ‘ਤੇ ਢੇਰ ਕਰ ਦਿੱਤਾ |
ਲਗਾਤਾਰ ਦੂਜਾ ਮੈਚ ਜਿੱਤਣ ਤੋਂ ਬਾਅਦ, ਭਾਰਤ ਗਰੁੱਪ-ਏ ਦੇ ਅੰਕ ਸੂਚੀ ‘ਚ ਸਿਖਰ ‘ਤੇ ਬਣਿਆ ਹੋਇਆ ਹੈ। ਸ਼੍ਰੀਲੰਕਾ ਦੇ ਵੀ ਭਾਰਤ ਦੇ ਬਰਾਬਰ 2 ਅੰਕ ਹਨ, ਪਰ ਬਿਹਤਰ ਰਨ ਰੇਟ ਦੇ ਕਾਰਨ, ਭਾਰਤ ਮਹਿਲਾ ਟੀਮ ਪਹਿਲੇ ਨੰਬਰ ‘ਤੇ ਹੈ। ਟੀਮ ਆਪਣਾ ਤੀਜਾ ਮੈਚ ਸ਼੍ਰੀਲੰਕਾ ਵਿਰੁੱਧ 23 ਜਨਵਰੀ ਨੂੰ ਕੁਆਲਾਲੰਪੁਰ ਵਿੱਚ ਖੇਡੇਗੀ।
ਇਸ ਟੂਰਨਾਮੈਂਟ ਵਿੱਚ 16 ਟੀਮਾਂ ਭਾਗ ਲੈ ਰਹੀਆਂ ਹਨ। 4 ਟੀਮਾਂ ਨੂੰ 4 ਗਰੁੱਪਾਂ ‘ਚ ਵੰਡਿਆ ਗਿਆ ਸੀ। ਹਰੇਕ ਗਰੁੱਪ ਦੀਆਂ ਚੋਟੀ ਦੀਆਂ 3 ਟੀਮਾਂ ਸੁਪਰ-6 ਦੌਰ ‘ਚ ਜਾਣਗੀਆਂ। ਇੱਥੇ 6-6 ਟੀਮਾਂ ਨੂੰ 2 ਗਰੁੱਪਾਂ ‘ਚ ਵੰਡਿਆ ਜਾਵੇਗਾ। ਫਿਰ ਹਰੇਕ ਗਰੁੱਪ ਦੀਆਂ ਚੋਟੀ ਦੀਆਂ 2 ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ। ਫਾਈਨਲ 2 ਫਰਵਰੀ ਨੂੰ ਖੇਡਿਆ ਜਾਵੇਗਾ।
Read More: IND vs PAK: ਮਹਿਲਾ ਟੀ-20 ਵਿਸ਼ਵ ਕੱਪ ‘ਚ ਭਲਕੇ ਪਾਕਿਸਤਾਨ ਨਾਲ ਭਿੜੇਗੀ ਭਾਰਤ