Women's T20 WC Final

Women’s T20 WC Final: ਮਹਿਲਾ ਟੀ-20 ਵਿਸ਼ਵ ਕੱਪ ਦੇ ਖ਼ਿਤਾਬ ਲਈ ਭਿੜਨਗੇ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ

ਚੰਡੀਗੜ੍ਹ, 19 ਅਕਤੂਬਰ 2024: (Women’s T20 World Cup Final) ਨਿਊਜ਼ੀਲੈਂਡ ਨੇ ਇਕ ਵਾਰ ਫਿਰ ਗੇਂਦਬਾਜ਼ਾਂ ਦੇ ਦਮ ‘ਤੇ ਘੱਟ ਸਕੋਰ ਦਾ ਸਫਲਤਾਪੂਰਵਕ ਬਚਾਅ ਕਰਦਿਆਂ ਦੂਜੇ ਸੈਮੀਫਾਈਨਲ ‘ਚ ਵੈਸਟਇੰਡੀਜ਼ ਨੂੰ ਹਰਾ ਕੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਥਾਂ ਪੱਕੀ ਕਰ ਲਈ ਹੈ |

ਹੁਣ ਮਹਿਲਾ ਟੀ-20 ਵਿਸ਼ਵ ਕੱਪ ਦੇ ਖ਼ਿਤਾਬੀ ਮੁਕਾਬਲੇ ਵਿੱਚ ਭਲਕੇ ਨਿਊਜ਼ੀਲੈਂਡ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ | 2010 ਤੋਂ ਬਾਅਦ ਪਹਿਲੀ ਵਾਰ ਨਿਊਜ਼ੀਲੈਂਡ ਦੀ ਟੀਮ ਨੇ ਇਸ ਟੂਰਨਾਮੈਂਟ ਦੇ ਫਾਈਨਲ ‘ਚ ਥਾਂ ਬਣਾਈ ਹੈ। ਜਿਕਰਯੋਗ ਹੈ ਕਿ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਨੇ ਅੱਜ ਤੱਕ ਕੋਈ ਮਹਿਲਾ ਟੀ-20 ਵਿਸ਼ਵ ਕੱਪ ਨਹੀਂ ਜਿੱਤਿਆ |

ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 9 ਵਿਕਟਾਂ ‘ਤੇ 128 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਸਲਾਮੀ ਬੱਲੇਬਾਜ਼ ਜਾਰਜੀਆ ਨੇ ਸਭ ਤੋਂ ਵੱਧ 33 ਦੌੜਾਂ ਬਣਾਈਆਂ। ਜਵਾਬ ‘ਚ ਵੈਸਟਇੰਡੀਜ਼ ਦੀ ਟੀਮ ਨਿਰਧਾਰਤ ਓਵਰਾਂ ‘ਚ ਅੱਠ ਵਿਕਟਾਂ ’ਤੇ 120 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਵੱਲੋਂ ਈਡਨ ਕਾਰਸਨ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ |

ਬੀਤੇ ਵੀਰਵਾਰ ਦੱਖਣੀ ਅਫਰੀਕਾ ਨੇ ਛੇ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਪ੍ਰਵੇਸ਼ ਕੀਤਾ | ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ ਪੰਜ ਵਿਕਟਾਂ ’ਤੇ 134 ਦੌੜਾਂ ਬਣਾਈਆਂ ਸਨ। ਜਵਾਬ ‘ਚ ਦੱਖਣੀ ਅਫਰੀਕਾ ਨੇ ਬੋਸ਼ ਦੇ ਨਾਬਾਦ ਅਰਧ ਸੈਂਕੜੇ ਦੇ ਦਮ ‘ਤੇ 17.2 ਓਵਰਾਂ ‘ਚ ਦੋ ਵਿਕਟਾਂ ‘ਤੇ 135 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।

Scroll to Top