July 2, 2024 11:10 pm
Women's Reservation Bill

ਮਹਿਲਾ ਰਾਖਵਾਂਕਰਨ ਬਿੱਲ ਔਰਤਾਂ ਨੂੰ ਰਾਖਵਾਂਕਰਨ ਦੇਣ ਵਾਲਾ ਨਹੀਂ, ਰਾਖਵਾਂਕਰਨ ਲੈਣ ਵਾਲਾ ਬਿੱਲ ਹੈ: MP ਸੰਦੀਪ ਪਾਠਕ

ਚੰਡੀਗੜ੍ਹ, 21 ਸਤੰਬਰ 2023: ਸੰਸਦ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਚੌਥਾ ਦਿਨ ਹੈ | ਸੰਸਦ ‘ਚ ਮਹਿਲਾ ਰਾਖਵਾਂਕਰਨ ਬਿੱਲ (Women’s Reservation Bill) ‘ਤੇ ਬਹਿਸ ਜਾਰੀ ਹੈ | ਦੂਜੇ ਪਾਸੇ ਰਾਜ ਸਭਾ ‘ਚ ਬਿੱਲ ‘ਤੇ ਚਰਚਾ ਦੌਰਾਨ ਪੰਜਾਬ ਦੇ ‘ਆਪ’ ਦੇ ਸੰਸਦ ਮੈਂਬਰ ਸੰਦੀਪ ਕੁਮਾਰ ਪਾਠਕ ਨੇ ਕਿਹਾ ਕਿ ਮੈਂ ਬਿੱਲ ਦਾ ਸਮਰਥਨ ਕਰਦਾ ਹਾਂ, ਅਸੀਂ ਬਹੁਤ ਉਤਸ਼ਾਹਿਤ ਸੀ, ਪਰ ਜਦੋਂ ਅਸੀਂ ਬਿੱਲ ਪੜ੍ਹਿਆ ਤਾਂ ਸਾਨੂੰ ਅਹਿਸਾਸ ਹੋਇਆ ਕਿ ਇਹ ਔਰਤਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਹੈ ।

ਉਨ੍ਹਾਂ ਕਿਹਾ ਕਿ ਸਮਾਜਿਕ ਵਿਵਸਥਾ ਕਾਰਨ ਔਰਤਾਂ ਨੂੰ ਉਹ ਸਥਾਨ ਨਹੀਂ ਮਿਲ ਸਕਿਆ ਜੋ ਮਿਲਣਾ ਚਾਹੀਦਾ ਸੀ। ਇਸ ਲਈ ਇਹ ਬਿੱਲ ਦੇਸ਼ ਅਤੇ ਸਮਾਜ ਲਈ ਬਹੁਤ ਮਹੱਤਵਪੂਰਨ ਹੈ।
ਇਸ ਬਿੱਲ ਦਾ ਵਿਚਾਰ ਰਾਜੀਵ ਗਾਂਧੀ ਨੂੰ 1987 ਵਿੱਚ ਆਇਆ ਸੀ, ਇਸ ਬਿੱਲ ਨੂੰ ਬਣਨ ਵਿੱਚ ਲਗਭਗ 35 ਸਾਲ ਲੱਗ ਗਏ ਸਨ।

ਉਨ੍ਹਾਂ ਕਿਹਾ ਇਹ ਔਰਤਾਂ ਨੂੰ ਗੁੰਮਰਾਹ ਕਰਨ ਵਾਲਾ ਬਿੱਲ ਹੈ। ਇਹ ਔਰਤਾਂ ਨੂੰ ਰਾਖਵਾਂਕਰਨ ਦੇਣ ਵਾਲਾ ਬਿੱਲ ਨਹੀਂ, ਔਰਤਾਂ ਤੋਂ ਰਾਖਵਾਂਕਰਨ ਲੈਣ ਦਾ ਬਿੱਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕਹਿਣੀ ਅਤੇ ਕਰਨੀ ‘ਚ ਅੰਤਰ ਹੈ। ਇਸ ਬਿੱਲ ਦੇ ਭਵਿੱਖ ਬਾਰੇ ਕੋਈ ਅੰਦਾਜ਼ਾ ਨਹੀਂ ਹੈ, ਕਿਉਂਕਿ ਜਨ ਗਣਨਾ ਅਤੇ ਹੱਦਬੰਦੀ ਪਹਿਲਾਂ ਹੋਣੀ ਹੈ। ਇਹ ਬਿੱਲ ਜਲਦਬਾਜ਼ੀ ਵਿੱਚ ਅਤੇ ਬਿਨਾਂ ਤਿਆਰੀ ਦੇ ਲਿਆਂਦਾ ਗਿਆ ਹੈ।

ਇਸ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ 19 ਸਤੰਬਰ ਨੂੰ ਨਵੀਂ ਸੰਸਦ ਵਿੱਚ ‘ਨਾਰੀ ਸ਼ਕਤੀ ਵੰਦਨ ਬਿੱਲ (Women’s Reservation Bill)’ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਕੱਲ੍ਹ 20 ਸਤੰਬਰ ਨੂੰ ਇਸ ਬਿੱਲ ਨੂੰ ਲੋਕ ਸਭਾ ਨੇ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਸੀ। ਇਸ ਬਿੱਲ ਦੇ ਸਮਰਥਨ ‘ਚ 454 ਵੋਟਾਂ ਪਈਆਂ, ਜਦਕਿ ਇਸ ਦੇ ਵਿਰੋਧ ‘ਚ ਸਿਰਫ਼ ਦੋ ਵੋਟਾਂ ਪਈਆਂ। ਹਾਲਾਂਕਿ ਵਿਰੋਧੀ ਧਿਰ ਨੇ ਇਸ ਬਿੱਲ ਦਾ ਸਮਰਥਨ ਕੀਤਾ ਪਰ ਕਈ ਪਾਰਟੀਆਂ ਨੇ ਓਬੀਸੀ, ਐਸਸੀ, ਐਸਟੀ ਅਤੇ ਮੁਸਲਿਮ ਔਰਤਾਂ ਲਈ ਰਾਖਵੇਂਕਰਨ ਦੀ ਮੰਗ ਵੀ ਕੀਤੀ ਅਤੇ ਜਲਦ ਲਾਗੂ ਕਰਨ ਦੀ ਮੰਗ ਕੀਤੀ ਹੈ |