Smriti Mandhana

Women Cricket: ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਲਾਈ ਰਿਕਾਰਡਾਂ ਦੀ ਝੜੀ

ਚੰਡੀਗੜ੍ਹ, 06 ਜਨਵਰੀ, 2024: ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਨੇ ਆਸਟ੍ਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮ੍ਰਿਤੀ ਮੰਧਾਨਾ ਨੇ 52 ਗੇਂਦਾਂ ‘ਤੇ 54 ਦੌੜਾਂ ਦੀ ਪਾਰੀ ਖੇਡੀ। ਸਮ੍ਰਿਤੀ ਨੇ ਟੀਮ ਨੂੰ ਪਹਿਲੇ ਮੈਚ ਵਿੱਚ ਨੌਂ ਵਿਕਟਾਂ ਨਾਲ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਮੰਧਾਨਾ ਨੇ ਆਪਣੀ ਪਾਰੀ ਵਿੱਚ ਅੰਤਰਰਾਸ਼ਟਰੀ ਟੀ-20 ਵਿੱਚ ਤਿੰਨ ਹਜ਼ਾਰ ਦੌੜਾਂ ਵੀ ਪੂਰੀਆਂ ਕੀਤੀਆਂ। ਉਹ ਸਭ ਤੋਂ ਘੱਟ ਗੇਂਦਾਂ ਖੇਡ ਕੇ ਇਸ ਅੰਕੜੇ ਤੱਕ ਪਹੁੰਚਣ ਵਾਲੀ ਬੀਬੀ ਕ੍ਰਿਕਟਰ ਬਣ ਗਈ। ਇਸ ਮਾਮਲੇ ‘ਚ ਉਸ ਨੇ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਦਾ ਰਿਕਾਰਡ ਤੋੜ ਦਿੱਤਾ ਹੈ।

ਸਮ੍ਰਿਤੀ ਮੰਧਾਨਾ ਨੇ ਅੰਤਰਰਾਸ਼ਟਰੀ ਟੀ-20 ਵਿੱਚ ਸਿਰਫ਼ 2461 ਗੇਂਦਾਂ ਵਿੱਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਸੋਫੀ ਡਿਵਾਈਨ ਨੇ ਇਸ ਦੇ ਲਈ 2470 ਗੇਂਦਾਂ ਦਾ ਸਾਹਮਣਾ ਕੀਤਾ ਸੀ। ਇਸ ਮਾਮਲੇ ‘ਚ ਆਸਟ੍ਰੇਲੀਆ ਦੀ ਸਾਬਕਾ ਕਪਤਾਨ ਮੇਗ ਲੈਨਿੰਗ ਤੀਜੇ ਸਥਾਨ ‘ਤੇ ਅਤੇ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ ਚੌਥੇ ਸਥਾਨ ‘ਤੇ ਹੈ। ਲੈਨਿੰਗ ਨੇ 2597 ਗੇਂਦਾਂ ਵਿੱਚ ਤਿੰਨ ਹਜ਼ਾਰ ਦੌੜਾਂ ਅਤੇ ਬੇਟਸ ਨੇ 2679 ਗੇਂਦਾਂ ਵਿੱਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ।

ਰੋਹਿਤ-ਕੋਹਲੀ ਦੇ ਕਲੱਬ ‘ਚ ਸ਼ਾਮਲ ਹੋਈ ਸਮ੍ਰਿਤੀ ਮੰਧਾਨਾ

ਮੰਧਾਨਾ (Smriti Mandhana) ਟੀ-20 ਅੰਤਰਰਾਸ਼ਟਰੀ ਵਿੱਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੀ ਚੌਥੀ ਭਾਰਤੀ ਖਿਡਾਰਨ ਹੈ। ਉਸ ਤੋਂ ਪਹਿਲਾਂ ਇਹ ਉਪਲਬਧੀ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਹਰਮਨਪ੍ਰੀਤ ਕੌਰ ਦੇ ਨਾਂ ਦਰਜ ਹੈ। ਕੋਹਲੀ ਨੇ 107 ਪਾਰੀਆਂ ‘ਚ 4008 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਰੋਹਿਤ ਦੇ ਨਾਂ 140 ਪਾਰੀਆਂ ‘ਚ 3853 ਦੌੜਾਂ ਹਨ। ਹਰਮਨਪ੍ਰੀਤ ਕੌਰ ਨੇ 143 ਪਾਰੀਆਂ ਵਿੱਚ 3195 ਦੌੜਾਂ ਬਣਾਈਆਂ ਹਨ। ਹੁਣ ਮੰਧਾਨਾ ਇਸ ਲਿਸਟ ‘ਚ ਸ਼ਾਮਲ ਹੋ ਗਈ ਹੈ। ਸਮ੍ਰਿਤੀ ਨੇ 122 ਪਾਰੀਆਂ ‘ਚ 3052 ਦੌੜਾਂ ਬਣਾਈਆਂ ਹਨ।

ਬੀਬੀਆਂ ਦੇ ਕ੍ਰਿਕਟ ਦੀ ਗੱਲ ਕਰੀਏ ਤਾਂ ਉਹ ਅੰਤਰਰਾਸ਼ਟਰੀ ਟੀ-20 ਵਿੱਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੀ ਛੇਵੀਂ ਖਿਡਾਰਨ ਹੈ। ਇਸ ਮਾਮਲੇ ‘ਚ ਸੂਜ਼ੀ ਬੇਟਸ ਪਹਿਲੇ ਸਥਾਨ ‘ਤੇ ਹੈ। ਸਮ੍ਰਿਤੀ ਦੇ ਨਾਂ 152 ਮੈਚਾਂ ਦੀਆਂ 149 ਪਾਰੀਆਂ ‘ਚ 4118 ਦੌੜਾਂ ਹਨ। ਮੰਧਾਨਾ ਨੂੰ ਉਸ ਦੇ ਨੇੜੇ ਆਉਣ ‘ਚ ਕਾਫੀ ਸਮਾਂ ਲੱਗੇਗਾ।

ਸ਼ੇਫਾਲੀ ਨਾਲ ਤੀਜੇ ਸੈਂਕੜੇ ਦੀ ਸਾਂਝੇਦਾਰੀ

ਮੰਧਾਨਾ ਨੇ ਆਸਟ੍ਰੇਲੀਆ ਖਿਲਾਫ ਮੈਚ ‘ਚ ਸ਼ੈਫਾਲੀ ਵਰਮਾ ਨਾਲ ਪਹਿਲੀ ਵਿਕਟ ਲਈ 137 ਦੌੜਾਂ ਦੀ ਸਾਂਝੇਦਾਰੀ ਕੀਤੀ। ਉਸ ਨੇ ਟੀ-20 ‘ਚ ਤੀਜੀ ਵਾਰ ਸ਼ੈਫਾਲੀ ਨਾਲ ਸੈਂਕੜਾ ਸਾਂਝੇਦਾਰੀ ਕੀਤੀ ਹੈ। ਇਹ ਭਾਰਤ ਲਈ ਸਭ ਤੋਂ ਵੱਧ ਸੈਂਕੜੇ ਵਾਲੀ ਸਾਂਝੇਦਾਰੀ ਵਾਲੀ ਜੋੜੀ ਬਣ ਗਈ। ਮੰਧਾਨਾ ਅਤੇ ਸ਼ੈਫਾਲੀ ਤਿੰਨ ਵਾਰ ਅਜਿਹਾ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਮੰਧਾਨਾ ਨੇ ਸਾਬਕਾ ਕਪਤਾਨ ਮਿਤਾਲੀ ਰਾਜ ਨਾਲ ਦੋ ਵਾਰ ਸੈਂਕੜੇ ਦੀ ਸਾਂਝੇਦਾਰੀ ਕੀਤੀ ਸੀ।

ਸਮ੍ਰਿਤੀ ਮੰਧਾਨਾ ਦੇ ਨਾਂ ਅਨੋਖਾ ਰਿਕਾਰਡ

ਮੰਧਾਨਾ ਟੀ-20 ਅੰਤਰਰਾਸ਼ਟਰੀ ਵਿੱਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੀ ਪਹਿਲੀ ਖੱਬੇ ਹੱਥ ਦੀ ਬੱਲੇਬਾਜ਼ ਬਣ ਗਈ ਹੈ। ਉਸ ਦੇ ਪਿੱਛੇ ਆਸਟਰੇਲੀਆ ਦਾ ਧਮਾਕੇਦਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਹੈ। ਉਸ ਨੇ 2894 ਦੌੜਾਂ ਬਣਾਈਆਂ ਹਨ। ਪਾਕਿਸਤਾਨ ਦੀ ਬਿਸਮਾਹ ਮਾਰੂਫ ਨੇ 2893 ਅਤੇ ਸ਼੍ਰੀਲੰਕਾ ਦੀ ਚਮਾਰੀ ਅਟਾਪੱਟੂ ਨੇ 2651 ਦੌੜਾਂ ਬਣਾਈਆਂ ਹਨ। ਆਸਟ੍ਰੇਲੀਆ ਦੀ ਬੇਥ ਮੂਨੀ ਦੇ ਨਾਂ 2508 ਦੌੜਾਂ ਹਨ।

Scroll to Top