July 5, 2024 4:56 am
ਬਿਜਲੀ ਵਿਭਾਗ

ਵਡੋਦਰਾ ‘ਚ ਫਲੂ ਵਰਗੇ ਲੱਛਣਾਂ ਨਾਲ ਔਰਤ ਦੀ ਮੌਤ, H3N2 ਦੇ ਖ਼ਤਰੇ ਵਿਚਾਲੇ ਰਿਪੋਰਟ ਦੀ ਉਡੀਕ

ਚੰਡੀਗੜ੍ਹ, 14 ਮਾਰਚ 2023: ਇਨ੍ਹੀਂ ਦਿਨੀਂ ਮੌਸਮੀ ਫਲੂ ਦੇ ਸਬ-ਟਾਈਪ H3N2 ਦੇ ਮਾਮਲੇ ਦੇਸ਼ ਭਰ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਵਾਇਰਸ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਸਾਰੇ ਸੂਬਿਆਂ ਨੂੰ ਇਸ ਵਾਇਰਸ ਨਾਲ ਨਜਿੱਠਣ ਲਈ ਹਸਪਤਾਲਾਂ ਵਿੱਚ ਲੋੜੀਂਦੀਆਂ ਤਿਆਰੀਆਂ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਇਸ ਦੌਰਾਨ ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਫਲੂ ਵਰਗੇ ਲੱਛਣਾਂ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਪੁੱਛੇ ਜਾਣ ‘ਤੇ ਕਿ ਕੀ H3N2 ਇਨਫਲੂਐਂਜ਼ਾ ਵਾਇਰਸ ਉਸ ਦੀ ਮੌਤ ਦਾ ਕਾਰਨ ਸੀ, ਇਕ ਅਧਿਕਾਰੀ ਨੇ ਕਿਹਾ ਕਿ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਸਮੀਖਿਆ ਕਮੇਟੀ ਔਰਤ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ।

ਮਰੀਜ਼ ਨੂੰ 11 ਮਾਰਚ ਨੂੰ ਇੱਕ ਨਿੱਜੀ ਹਸਪਤਾਲ ਤੋਂ ਸਰ ਸਯਾਜੀਰਾਓ ਜਨਰਲ (ਐਸਐਸਜੀ) ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਸੀ। ਐਸਐਸਜੀ ਹਸਪਤਾਲ ਦੇ ਰੈਜ਼ੀਡੈਂਟ ਮੈਡੀਕਲ ਅਫਸਰ (ਆਰਐਮਓ) ਡੀਕੇ ਹੇਲਿਆ ਨੇ ਦੱਸਿਆ ਕਿ ਔਰਤ (68 ਸਾਲ) ਦੀ ਸੋਮਵਾਰ 13 ਮਾਰਚ ਨੂੰ ਮੌਤ ਹੋ ਗਈ ਹੈ ।

ਉਨ੍ਹਾਂ ਨੇ ਕਿਹਾ ਕਿ “ਅਸੀਂ ਸਾਰੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਸਮੀਖਿਆ ਕਮੇਟੀ ਮਹਿਲਾ ਦੀ ਮੌਤ ਦੇ ਕਾਰਨਾਂ ਦਾ ਲਗਾਇਆ ਜਾਵੇਗਾ ।ਮ੍ਰਿਤਕ ਔਰਤ ਵਡੋਦਰਾ ਦੇ ਫਤਿਹਗੰਜ ਇਲਾਕੇ ਦੀ ਰਹਿਣ ਵਾਲੀ ਸੀ।

ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਇਸ ਸਾਲ ਹੁਣ ਤੱਕ ਗੁਜਰਾਤ ਵਿੱਚ ਮੌਸਮੀ ਫਲੂ ਸਬ-ਟਾਈਪ H3N2 ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਪਟੇਲ ਨੇ ਕਿਹਾ ਕਿ ਇਸ ਸਾਲ 10 ਮਾਰਚ ਤੱਕ, ਗੁਜਰਾਤ ਵਿੱਚ ਮੌਸਮੀ ਫਲੂ ਦੇ 80 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 77 H1N1 ਅਤੇ ਤਿੰਨ H3N2 ਉਪ-ਕਿਸਮ ਦੇ ਹਨ। ਇੱਥੇ H3N2 ਕਾਰਨ ਇੱਕ ਵੀ ਮੌਤ ਨਹੀਂ ਹੋਈ ਹੈ।